ਟੋਰਾਂਟੋ, ਹਡਸਨਸ ਬੇਅ ਕਾਰਪੋਰੇਸ਼ਨ ਦੇ ਚੀਫ ਐਗਜ਼ੈਕਟਿਵ ਜੈਰੀ ਸਟੌਰਚ ਦਾ ਕਹਿਣਾ ਹੈ ਕਿ ਇਸ ਸਟੋਰ ਨੂੰ ਨੀਦਰਲੈਂਡਜ਼ ਵਿੱਚ ਖੋਲ੍ਹਣ ਦਾ ਪਹਿਲਾਂ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਸੀ ਪਰ ਸਥਾਨ ਸ਼ਾਪਰਜ਼ ਕੋਲੋਂ ਮਿਲੀ ਫੀਡਬੈਕ ਤੋਂ ਬਾਅਦ ਇਸ ਬਾਰੇ ਉਨ੍ਹਾਂ ਪੱਕਾ ਫੈਸਲਾ ਕੀਤਾ।
ਮੰਗਲਵਾਰ ਨੂੰ ਜਦੋਂ ਪਹਿਲੀ ਵਾਰੀ ਇਹ ਰਿਟੇਲਰ ਕੰਪਨੀ ਐਮਸਟਰਡਮ ਵਿੱਚ ਆਪਣੇ ਦਰਵਾਜ਼ੇ ਖੋਲ੍ਹੇਗੀ ਤਾਂ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੋਵੇਗਾ ਕਿ ਹਡਸਨ ਬੇਅ ਨੇ ਕੈਨੇਡਾ ਦੀ ਹੱਦ ਤੋਂ ਬਾਹਰ ਕਿਤੇ ਪੈਰ ਧਰਿਆ ਹੋਵੇ। ਇਸ ਮਹੀਨੇ ਦੇ ਖ਼ਤਮ ਹੋਣ ਤੋਂ ਪਹਿਲਾਂ ਨੌਂ ਹੋਰ ਥਾਂਵਾਂ ਉੱਤੇ ਕੰਪਨੀ ਆਪਣੇ ਸਟੋਰ ਖੋਲ੍ਹੇਗੀ ਤੇ ਪੰਜ ਹੋਰ ਸਟੋਰ ਅਗਲੇ ਸਾਲ ਖੋਲ੍ਹੇ ਜਾਣਗੇ।
ਸਟੌਰਚ ਨੇ ਮੰਨਿਆ ਕਿ ਨਵੇਂ ਮੁਲਕ ਵਿੱਚ ਇਹ ਉਨ੍ਹਾਂ ਦੀ ਜ਼ਬਰਦਸਤ ਐਂਟਰੀ ਹੈ। ਉਨ੍ਹਾਂ ਆਖਿਆ ਕਿ ਦੀਵਾਲੀਆ ਹੋ ਚੁੱਕੀ ਡੱਚ ਚੇਨ ਵੀਐਂਡਡੀ ਵੱਲੋਂ ਸਥਾਨਕ ਪੱਧਰ ਉੱਤੇ ਮੁਹੱਈਆ ਕਰਵਾਈ ਜਾ ਰਹੀ ਥਾਂ ਦੀ ਪੇਸ਼ਕਸ਼ ਐਨੀ ਆਕਰਸ਼ਕ ਸੀ ਕਿ ਉਹ ਇਨਕਾਰ ਨਹੀਂ ਕਰ ਸਕੇ। ਉਨ੍ਹਾਂ ਆਖਿਆ ਕਿ ਡੱਚ ਮਾਰਕਿਟ ਵਿੱਚ ਲਗਜ਼ਰੀ ਮਾਰਕਿਟ ਖਿਡਾਰੀਆਂ ਤੇ ਡਿਸਕਾਊਂਟ ਚੇਨਜ਼ ਦਰਮਿਆਨ ਵੱਡਾ ਪਾੜਾ ਹੈ। ਅਸੀਂ ਦੇਸ਼ ਵਿੱਚ ਸਾਰੀਆਂ ਮਾਰਕਿਟਸ ਦਾ ਅਧਿਐਨ ਕੀਤਾ।
ਉਨ੍ਹਾਂ ਆਖਿਆ ਕਿ 347 ਸਾਲ ਪੁਰਾਣੀ ਕੈਨੇਡੀਅਨ ਕੰਪਨੀ ਲਈ ਨੀਦਰਲੈਂਡਜ਼ ਵਿੱਚ ਕਾਰੋਬਾਰ ਸੁ਼ਰੂ ਕਰਨਾ ਕੋਈ ਸੌਖਾ ਕੰਮ ਨਹੀਂ ਹੈ। ਉਨ੍ਹਾਂ ਦੱਸਿਆ ਕਿ ਦੋ ਸਾਲ ਪਹਿਲਾਂ ਉਨ੍ਹਾਂ ਜਦੋਂ ਬੈਲਜੀਅਮ ਦੀ ਚੇਨ ਇਨੋ ਖਰੀਦੀ ਸੀ ਤਾਂ ਉਸ ਨਾਲ ਲੋਕਾਂ ਦਾ ਰਾਬਤਾ ਬਣਾਉਣ ਲਈ ਉਸ ਨੂੰ ਪਹਿਲਾਂ ਸਰਹੱਦੋਂ ਪਾਰ ਦਾ ਜਾਇਜ਼ਾ ਲੈਣ ਲਈ ਲਾਂਚ ਕੀਤਾ ਗਿਆ ਸੀ ਪਰ ਉਨ੍ਹਾਂ ਨੂੰ ਜਲਦ ਹੀ ਇਹ ਸਮਝ ਆ ਗਈ ਕਿ ਨੀਦਰਲੈਂਡਜ਼ ਵਿੱਚ ਕੋਈ ਵੀ ਇਸ ਬ੍ਰੈਂਡ ਨੂੰ ਜਿ਼ਆਦਾ ਪਸੰਦ ਨਹੀਂ ਸੀ ਕਰ ਰਿਹਾ।
ਡੱਚ ਲੋਕਾਂ ਨੇ ਇਹ ਆਖਣਾ ਜਾਰੀ ਰੱਖਿਆ ਕਿ ਸਾਨੂੰ ਇਨੋ ਬ੍ਰੈਂਡ ਨਹੀਂ ਚਾਹੀਦਾ ਸਗੋਂ ਹਡਸਨ ਬੇਅ ਨੂੰ ਹੀ ਇੱਥੇ ਲਿਆਂਦਾ ਜਾਵੇ। ਇਸ ਲਈ ਅਸੀਂ ਹਡਸਨ ਬੇਅ ਨੂੰ ਇੱਥੇ ਲਿਆਉਣ ਦਾ ਫੈਸਲਾ ਕੀਤਾ। ਸਟੌਰਚ ਨੇ ਆਖਿਆ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਨੀਦਰਲੈਂਡਜ਼ ਵਿੱਚ ਉਨ੍ਹਾਂ ਦਾ ਭਰਪੂਰ ਸਵਾਗਤ ਹੋਵੇਗਾ।