ਫ਼ਰੀਦਕੋਟ, 30 ਨਵੰਬਰ
ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸਾਧੂ ਸਿੰਘ ਨਾਲ ਕਥਿਤ ਤੌਰ ’ਤੇ 33 ਲੱਖ ਰੁਪਏ ਦੀ ਠੱਗੀ ਮਾਰਨ ਵਾਲਾ ਉਨ੍ਹਾਂ ਦਾ ਨਿੱਜੀ ਸਹਾਇਕ ਕਥਿਤ ਤੌਰ ’ਤੇ ਵਿਦੇਸ਼ ਭੱਜ ਗਿਆ ਹੈ। ਪੁਲੀਸ ਨੇ ਠੱਗੀ ਸਬੰਧੀ ਪੜਤਾਲ ਤੋਂ ਬਾਅਦ 5 ਨਵੰਬਰ ਨੂੰ ਪੀ.ਏ. ਗੁਰਸੇਵਕ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਸੀ ਤੇ ਉਹ ਕੇਸ ਦਰਜ ਹੋਣ ਤੋਂ ਅਗਲੇ ਦਿਨ ਹੀ ‘ਕੈਨੇਡਾ ਚਲਾ’ ਗਿਆ। ਪੁਲੀਸ ਨੇ ਉਸ ਨੂੰ ਭਗੌੜਾ ਐਲਾਨਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਉਸ ਦੀ ਗ੍ਰਿਫ਼ਤਾਰੀ ਲਈ ਲੁੱਕ-ਆਊਟ ਨੋਟਿਸ ਵੀ ਜਾਰੀ ਕਰ ਦਿੱਤਾ ਹੈ। ਸੰਸਦ ਮੈਂਬਰ ਸਾਧੂ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਗੁਰਸੇਵਕ ਸਿੰਘ ਦੇ ਵਿਦੇਸ਼ ਭੱਜਣ ਬਾਰੇ ਜਾਣਕਾਰੀ ਮਿਲੀ ਹੈ। ਦੱਸਣਯੋਗ ਹੈ ਕਿ ਨਿੱਜੀ ਸਹਾਇਕ ਨੇ ਸੰਸਦ ਮੈਂਬਰ ਦੇ ਖਾਤੇ ਵਿੱਚੋਂ 33 ਲੱਖ 13 ਹਜ਼ਾਰ 267 ਰੁਪਏ ਕਢਵਾ ਕੇ ਵਰਤ ਲਏ ਸਨ।