ਸੰਗਰੂਰ, ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ-ਨਰਸਰੀ ਕਲਾਸਾਂ ਸ਼ੁਰੂ ਕਰਨ ਦੇ ਫ਼ੈਸਲੇ ਖ਼ਿਲਾਫ਼ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਵੱਲੋਂ ਅੱਜ ‘ਜੇਲ੍ਹ ਭਰੋੋ ਅੰਦੋਲਨ’ ਦੇ ਸੱਦੇ ਤਹਿਤ ਯੂਨੀਅਨ ਦੀ ਕੌਮੀ ਪ੍ਰਧਾਨ ਊਸ਼ਾ ਰਾਣੀ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਦੀਆਂ ਸੈਂਕੜੇ ਵਰਕਰਾਂ ਨੇ ਪੂਰੇ ਜੋਸ਼ ਨਾਲ ਗ੍ਰਿਫ਼ਤਾਰੀਆਂ ਦਿੱਤੀਆਂ। ਮੀਂਹ ਦੇ ਬਾਵਜੂਦ ਬੈਗ ਅਤੇ ਹੋਰ ਸਾਮਾਨ ਚੁੱਕ ਕੇ ਵੱਡੀ ਤਾਦਾਦ ਵਿੱਚ ਪੁੱਜੀਆਂ ਵਰਕਰਾਂ ਨੇ ਕਰੀਬ ਡੇਢ ਘੰਟਾ ਡੀਸੀ ਕੰਪਲੈਕਸ ਅੱਗੇ ਪੰਜਾਬ ਸਰਕਾਰ ਖ਼ਿਲਾਫ਼ ਕੀਰਨੇ ਪਾਉਂਦਿਆਂ ਪਿੱਟ ਸਿਆਪਾ ਜਾਰੀ ਰੱਖਿਆ। ਦਰਜਨਾਂ ਔਰਤਾਂ ਨੇ ਗੋਦੀ ਚੁੱਕੇ ਬੱਚਿਆਂ ਸਮੇਤ ਗ੍ਰਿਫ਼ਤਾਰੀ ਦਿੱਤੀ। ਵਰਕਰਾਂ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਲਿਜਾਣ ਲਈ ਪੁਲੀਸ ਨੂੰ ਡੇਢ ਘੰਟਾ ਲੱਗਾ ਅਤੇ ਇਸ ਦੌਰਾਨ ਟਰਾਂਸਪੋਰਟ ਦੇ ਪ੍ਰਬੰਧ ਵੀ ਅਧੂਰੇ ਪੈ ਗਏ। ਸ਼ਾਮ ਕਰੀਬ ਸਾਢੇ ਚਾਰ ਵਜੇ ਥਾਣਾ ਸਦਰ ਬਾਲੀਆਂ ਤੋਂ ਇਨ੍ਹਾਂ ਨੂੰ ਛੱਡ ਦਿੱਤਾ ਗਿਆ।  ਊਸ਼ਾ ਰਾਣੀ ਦਾ ਕਹਿਣਾ ਹੈ ਕਿ ਅਗਲੇ ਦੋ ਦਿਨਾਂ ਵਿਚ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਅੱਜ ਜ਼ਿਲ੍ਹੇ ਭਰ ਤੋਂ ਸੈਂਕੜੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਜੇਲ੍ਹ ਜਾਣ ਦੀ ਪੂਰੀ ਤਿਆਰੀ ਕਰਕੇ ਇਥੇ ਰੇਲਵੇ ਸਟੇਸ਼ਨ ’ਤੇ ਇਕੱਠੀਆਂ ਹੋਈਆਂ। ਇੱਥੋਂ ਕੌਮੀ ਪ੍ਰਧਾਨ ਊਸ਼ਾ ਰਾਣੀ ਦੀ ਅਗਵਾਈ ਹੇਠ ਰੋਸ ਮਾਰਚ ਕਰਦੀਆਂ ਡੀਸੀ ਕੰਪਲੈਕਸ ਅੱਗੇ ਪੁੱਜੀਆਂ। ਡੀਐਸਪੀ ਨਾਹਰ ਸਿੰਘ ਅਤੇ ਦੋਵੇਂ ਥਾਣਿਆਂ ਦੇ ਮੁਖੀ ਵੱਡੀ ਤਾਦਾਦ ਵਿੱਚ ਪੁਲੀਸ ਫੋਰਸ ਸਮੇਤ ਇਥੇ ਪਹਿਲਾਂ ਹੀ ਤਾਇਨਾਤ ਸਨ। ਵਰਕਰਾਂ ਨੇ ਸਿਰਾਂ ਉਪਰ ਕੱਪੜਿਆਂ ਦੇ ਬੈਗ ਅਤੇ ਹੱਥਾਂ ਵਿੱਚ ਬਾਲਟੀ ਤੇ ਕੱਪ ਆਦਿ ਚੁੱਕੇ ਹੋਏ ਸਨ। ਇਸ ਮੌਕੇ ਊਸ਼ਾ ਰਾਣੀ ਨੇ ਪੰਜਾਬ ਦੀ ਸਿੱਖਿਆ ਮੰਤਰੀ ਦੇ ਉਸ ਬਿਆਨ ਨੂੰ ਝੂਠਾ ਕਰਾਰ ਦਿੱਤਾ ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਂਗਣਵਾੜੀ ਯੂਨੀਅਨਾਂ ਨਾਲ ਗੱਲਬਾਤ ਹੋ ਗਈ ਹੈ ਜਿਸ ਤੋਂ ਉਹ ਸੰਤੁਸ਼ਟ ਹਨ। ਕੌਮੀ ਪ੍ਰਧਾਨ ਨੇ ਕਿਹਾ ਕਿ ਜਿਸ ਰਾਜ ਦੀ ਸਿੱਖਿਆ ਮੰਤਰੀ ਹੀ ਝੂਠ ਬੋਲਦੀ ਹੋਵੇ, ਉਸ ਰਾਜ ਦੇ ਬੱਚਿਆਂ ਨੂੰ ਸੱਚੀ ਸਿੱਖਿਆ ਕਿਵੇਂ ਮਿਲ ਸਕਦੀ ਹੈ।
ਉਪਰੰਤ ਪੁਲੀਸ ਵੱਲੋਂ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਵਰਕਰਾਂ ਨੂੰ ਹਿਰਾਸਤ ਵਿੱਚ ਲੈਂਦਿਆਂ ਸੱਤ ਬੱਸਾਂ ਵਿੱਚ ਭਰ ਕੇ ਸ਼ਹਿਰ ਤੋਂ ਛੇ ਕਿਲੋਮੀਟਰ ਦੂਰ ਥਾਣਾ ਸਦਰ ਬਾਲੀਆਂ ਲਿਜਾਇਆ ਗਿਆ। ਥਾਣੇ ਪਹੁੰਚਣ ’ਤੇ ਵਰਕਰਾਂ ਨੇ ਬੱਸਾਂ ’ਚੋਂ ਉਤਰਨ ਤੋਂ ਇਨਕਾਰ ਕਰ ਦਿੱਤਾ ਜਦੋਂ ਕਿ ਪੁਲੀਸ ਬੱਸਾਂ ਨੂੰ ਡੀਸੀ ਦਫ਼ਤਰ ਅੱਗੇ ਉਡੀਕਦੀ ਰਹੀ। ਫਿਰ ਸੱਤ ਬੱਸਾਂ ਵਾਪਸ ਥਾਣੇ ਤੋਂ ਆਈਆਂ ਅਤੇ ਵਰਕਰਾਂ ਨੂੰ ਭਰ ਕੇ ਦੂਜਾ ਗੇੜਾ ਲਾਇਆ। ਫਿਰ ਵੀ ਵਰਕਰਾਂ ਨਾ ਮੁੱਕੀਆਂ ਤਾਂ ਤਿੰਨ ਥਾਣਾ ਮੁਖੀਆਂ ਨੂੰ ਆਪਣੀਆਂ ਗੱਡੀਆਂ ਵਿੱਚ ਭਰ ਕੇ ਲਿਜਾਣਾ ਪਿਆ। ਵਰਕਰਾਂ ਨੂੰ ਥਾਣੇ ਵਿੱਚ ਕਰੀਬ ਸਵਾ ਘੰਟਾ ਰੱਖਿਆ ਗਿਆ ਅਤੇ ਸ਼ਾਮ ਚਾਰ ਵਜੇ ਪੁਲੀਸ ਨੇ ਹੱਥ ਖੜ੍ਹੇ ਕਰ ਦਿੱਤੇ ਕਿ ਇਨ੍ਹਾਂ ਨੂੰ ਰੱਖਣ ਲਈ ਉਨ੍ਹਾਂ ਕੋਲ ਕੋਈ ਪ੍ਰਬੰਧ ਨਹੀਂ ਹੈ। ਸਾਢੇ ਚਾਰ ਵਜੇ ਵਰਕਰਾਂ ਨੂੰ ਬੱਸਾਂ ਰਾਹੀਂ ਥਾਣੇ ਤੋਂ ਵਾਪਸ ਲਿਆ ਕੇ ਬੱਸ ਸਟੈਂਡ ਛੱਡ ਦਿੱਤਾ ਗਿਆ। ਡੀਐਸਪੀ ਨਾਹਰ ਸਿੰਘ ਦਾ ਕਹਿਣਾ ਹੈ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਵਰਕਰਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ।