ਚੰਡੀਗੜ੍ਹ  : ਵਿਜੀਲੈਂਸ ਵਿਭਾਗ ‘ਚ ਤਾਇਨਾਤ ਇਕ ਵਿਧਵਾ ਮਹਿਲਾ ਕਾਂਸਟੇਬਲ ਵਲੋਂ ਬਲਾਤਕਾਰ ਦਾ ਪਰਚਾ ਦਰਜ ਕਰਾਏ ਜਾਣ ਤੋਂ ਬਾਅਦ ਵਿਵਾਦਾਂ ‘ਚ ਘਿਰੇ ਸਾਬਕਾ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਨੇ ਸੋਮਵਾਰ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ‘ਚ ਆਤਮ ਸਮਰਪਣ ਕਰ ਦਿੱਤਾ ਹੈ। ਮਹਿਲਾ ਕਾਂਸਟੇਬਲ ਦਾ ਦੋਸ਼ ਸੀ ਕਿ ਸੁੱਚਾ ਸਿੰਘ ਲੰਗਾਹ ਪਿਛਲੇ 8-10 ਸਾਲਾਂ ਤੋਂ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਰਿਹਾ ਸੀ। ਸ਼ਿਕਾਇਤ ਕਰਤਾ ਦਾ ਕਹਿਣਾ ਹੈ ਕਿ ਸਾਲ 2008 ‘ਚ ਉਸ ਦੇ ਪਤੀ ਦੀ ਮੌਤ ਹੋ ਗਈ ਸੀ, ਜਿਹੜਾ ਕਿ ਪੰਜਾਬ ਪੁਲਸ ਦਾ ਜਵਾਨ ਸੀ। ਪਤੀ ਦੀ ਮੌਤ ਤੋਂ ਬਾਅਦ ਤਰਸ ਦੇ ਆਧਾਰ ‘ਤੇ ਨੌਕਰੀ ਹਾਸਲ ਕਰਨ ਲਈ ਉਕਤ ਮੰਤਰੀ ਨੂੰ ਪੀੜਤ ਮਹਿਲਾ ਮਿਲੀ ਸੀ ਅਤੇ ਉਸ ਸਮੇਂ ਤੋਂ ਹੀ ਲੰਗਾਹ ਨੇ ਪੀੜਤਾ ਦੀ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਕੇ ਉਸ ਦਾ ਸਰੀਰਕ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ। ਅਦਾਲਤ ‘ਚ ਆਤਮ-ਸਮਰਪਣ ਨਾ ਕਰਨ ਦੇ ਚੱਲਦਿਆਂ ਪੁਲਸ ਵਲੋਂ ਲੰਗਾਹ ਦੇ ਘਰ ਅਤੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਸੀ ਪਰ ਇਸ ਦੇ ਬਾਵਜੂਦ ਪੁਲਸ ਲੰਗਾਹ ਨੂੰ ਗ੍ਰਿਫਤਾਰ ਕਰਨ ‘ਚ ਨਾਕਾਮ ਰਹੀ। ਬੀਤੀ ਰਾਤ ਲੰਗਾਹ ਨੇ ਐੱਸ. ਜੀ. ਪੀ. ਸੀ. ਅਤੇ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਉਸ ਨੇ ਆਪਣੇ ਵਲੋਂ ਜਾਰੀ ਕੀਤੇ ਬਿਆਨ ‘ਚ ਸ਼ਨੀਵਾਰ ਨੂੰ ਅਦਾਲਤ ‘ਚ ਸਮਰਪਣ ਕਰਨ ਦੀ ਗੱਲ ਵੀ ਕਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਸੋਮਵਾਰ ਨੂੰ ਚੰਡੀਗੜ੍ਹ ਜ਼ਿਲਾ ਅਦਾਲਤ ‘ਚ ਆਤਮ ਸਮਰਪਣ ਕਰ ਦਿੱਤਾ।