ਲੁਧਿਆਣਾ, 23 ਅਗਸਤ
ਕਾਂਗਰਸ ਸਰਕਾਰ ਨੇ ਸਤਿੰਦਰ ਸੱਤੀ ਨੂੰ ਹਟਾ ਕੇ ਅੱਜ ਉੱਘੇ ਸ਼ਾਇਰ ਡਾ. ਸੁਰਜੀਤ ਪਾਤਰ ਨੂੰ ਪੰਜਾਬ ਕਲਾ ਪ੍ਰੀਸ਼ਦ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਹੈ। ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਡਾ. ਪਾਤਰ ਨੂੰ ਉਨ੍ਹਾਂ ਦੇ ਘਰ ਜਾ ਕੇ ਨਿਯੁਕਤੀ ਪੱਤਰ ਸੌਂਪਿਆ। ਲੁਧਿਆਣਾ ਪਹੁੰਚੇ ਸ੍ਰੀ ਸਿੱਧੂ ਨੇ ਕਿਹਾ ਕਿ ਸੂਬੇ ਦੇ ਅਮੀਰ ਸਭਿਆਚਾਰ ਨੂੰ ਪ੍ਰਫੁਲਿਤ ਕਰਨਾ ਸਰਕਾਰ ਦਾ ਮੁੱਖ ਮਕਸਦ ਹੈ। ਇਸ ਲਈ ਪੁਰਾਤਨ ਸੱਭਿਆਚਾਰ ਦੀ ਨੁਮਾਇੰਦਗੀ ਕਰਦੀਆਂ ਥਾਵਾਂ ਨੂੰ ਸੈਰ ਸਪਾਟੇ ਲਈ ਵਿਕਸਤ ਕੀਤਾ ਜਾਵੇਗਾ ਅਤੇ ਨੌਜਵਾਨ ਪੀੜ੍ਹੀ ਨੂੰ ਸੱਭਿਆਚਾਰ ਨਾਲ ਜੋੜਨ ਲਈ ਵੀ ਅਹਿਮ ਪ੍ਰੋਗਰਾਮ ਉਲੀਕੇ ਜਾਣਗੇ।
ਸ੍ਰੀ ਸਿੱਧੂ ਨੇ ਕਿਹਾ ਕਿ ਡਾ. ਪਾਤਰ ਦੀ ਨਿਯੁਕਤੀ ਨਾਲ ਸਭਿਆਚਾਰ/ਸਾਹਿਤ ਨਾਲ ਜੁੜੀਆਂ ਸ਼ਖ਼ਸੀਅਤਾਂ ’ਚ ਖੁਸ਼ੀ ਪਾਈ ਜਾ ਰਹੀ ਹੈ ਅਤੇ ਇਸ ਨਿਯੁਕਤੀ ਨਾਲ ਨਵੀਆਂ ਪੁਲਾਂਘਾਂ ਪੁੱਟੇ ਜਾਣ ਦੀ ਆਸ ਵੀ ਬੱਝੀ ਹੈ। ਡਾ. ਪਾਤਰ ਨੂੰ ਨਵੀਆਂ ਪੀੜ੍ਹੀਆਂ ਲਈ ਚਾਨਣ ਮੁਨਾਰਾ ਦੱਸਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਆਉਂਦੇ ਸਮੇਂ ’ਚ ਪੰਜਾਬ ਕਲਾ ਪ੍ਰੀਸ਼ਦ ਨਾਲ ਸਿੱਧੇ ਤੌਰ ’ਤੇ ਇੱਕ ਲੱਖ ਦੇ ਕਰੀਬ ਸੱਭਿਆਚਾਰ ਅਤੇ ਕਲਾ ਪ੍ਰੇਮੀਆਂ ਨੂੰ ਜੋੜਿਆ ਜਾਵੇਗਾ। ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਇੱਕ ਮਹੀਨੇ ’ਚ ਪੰਜਾਬੀ ਕਲਾ ਤੇ ਸੱਭਿਆਚਾਰ ਦੀ ਪਾਰਲੀਮੈਂਟ ਸਿਰਜੀ ਜਾਵੇ, ਜਿਸ ’ਚ ਪੰਜਾਬੀ ਕਲਾ ਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਸਕਾਰਾਤਮਕ ਵਿਚਾਰਾਂ ਕੀਤੀਆਂ ਜਾ ਸਕਣ।
ਡਾ. ਸੁਰਜੀਤ ਪਾਤਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੱਧੂ ਤੇ ਕਲਾ ਪ੍ਰੇਮੀਆਂ ਨੂੰ ਭਰੋਸਾ ਦਿੱਤਾ ਕਿ ਉਹ ਪੰਜਾਬ ਕਲਾ ਪ੍ਰੀਸ਼ਦ ਨਾਲ ਲੋਕ ਲਹਿਰ ਖੜ੍ਹੀ ਕਰਕੇ ਪੰਜਾਬੀ ਸੱਭਿਆਚਾਰ ਅਤੇ ਸਾਹਿਤ ਨੂੰ ਪ੍ਰਫੁਲਿਤ ਕਰਨ ਲਈ ਸਮਰਪਿਤ ਹੋ ਕੇ ਯੋਗਦਾਨ ਦੇਣਗੇ। ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਪੰਜਾਬ ਦੇ ਕੋਨੇ-ਕੋਨੇ ’ਚ ਸੰਗੀਤ, ਕਵਿਤਾ ਤੇ ਗਾਇਨ ਆਦਿ ਮੁਕਾਬਲੇ ਕਰਵਾ ਕੇ ਲੋਕਾਂ ਨੂੰ ਕਲਾ ਤੇ ਸੱਭਿਆਚਾਰ ਨਾਲ ਜੋੜਿਆ ਜਾਵੇ ਤਾਂ ਜੋ ਇਸ ਦਾ ਦਾਇਰਾ ਹੋਰ ਵਿਸ਼ਾਲ ਹੋ ਸਕੇ। ਇਸ ਦੇ ਪਸਾਰੇ ਲਈ ਸਕੂਲਾਂ/ਕਾਲਜਾਂ ਤਕ ਵੀ ਪਹੁੰਚ ਕੀਤੀ ਜਾਵੇਗੀ। ਥੀਏਟਰ ਅਤੇ ਸੱਭਿਆਚਾਰ ਦੀਆਂ ਹੋਰ ਵੰਨਗੀਆਂ ਨੂੰ ਵੀ ਪ੍ਰਫੁਲਿਤ ਕੀਤਾ ਜਾਵੇਗਾ। ਡਾ. ਪਾਤਰ ਨੂੰ ਨਿਯੁਕਤੀ ਪੱਤਰ ਸੌਂਪਣ ਮੌਕੇ ਐਮਪੀ ਰਵਨੀਤ ਸਿੰਘ ਬਿੱਟੂ, ਵਿਧਾਇਕ ਭਾਰਤ ਭੂਸ਼ਣ ਆਸ਼ੂ ਤੇ ਸੁਰਿੰਦਰ ਡਾਬਰ, ਸੱਭਿਆਚਾਰ ਵਿਭਾਗ ਦੇ ਡਾਇਰੈਕਟਰ ਸ਼ਿਵਦੁਲਾਰ ਸਿੰਘ ਢਿੱਲੋਂ, ਨਗਰ ਨਿਗਮ ਦੇ ਕਮਿਸ਼ਨਰ ਜਸਕਿਰਨ ਸਿੰਘ, ਗਾਇਕ ਪੰਮੀ ਬਾਈ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।