ਸੋਲ— ਭਾਰਤ ਦੀ ਪੀ.ਵੀ. ਸਿੰਧੂ ਨੇ ਅੱਠਵੀਂ ਸੀਡ ਜਾਪਾਨ ਦੀ ਨੋਜੋਮੀ ਓਕੁਹਾਰਾ ਤੋਂ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ‘ਚ ਮਿਲੀ ਹਾਰ ਦਾ ਬਦਲਾ ਪੂਰਾ ਕਰਦੇ ਹੋਏ ਐਤਵਾਰ ਨੂੰ ਕੋਰੀਆ ਓਪਨ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ। 

ਓਲੰਪਿਕ ਅਤੇ ਵਿਸਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਸਿੰਧੂ ਨੇ ਵਿਸ਼ਵ ਚੈਂਪੀਅਨ ਓਕੁਹਾਰਾ ਨੂੰ ਇਕ ਘੰਟੇ 24 ਮਿੰਟ ਤਕ ਚਲੇ ਸੰਘਰਸ਼ਪੂਰਨ ਫਾਈਨਲ ‘ਚ 22-20, 11-21, 21-18 ਨਾਲ ਹਰਾ ਕੇ ਮਹਿਲਾ ਸਿੰਗਲ ਦਾ ਖਿਤਾਬ ਜਿੱਤ ਲਿਆ। ਸਿੰਧੂ ਇਸ ਦੇ ਨਾਲ ਹੀ ਕੋਰੀਆ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ। ਸਿੰਧੂ ਨੂੰ ਬੀਤੇ ਅਗਸਤ ‘ਚ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ‘ਚ ਓਕੁਹਾਰਾ ਤੋਂ ਤਿੰਨ ਗੇਮਾਂ ਦੇ ਸੰਘਰਸ਼ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇੱਥੇ ਉਨ੍ਹਾਂ ਨੇ ਜਿੱਤ ਦਰਜ ਕਰਕੇ ਉਸ ਹਾਰ ਦਾ ਬਦਲਾ ਲੈ ਲਿਆ ਹੈ।