ਮੁੰਬਈ — ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਆਪਣੀ ਆਉਣ ਵਾਲੀ ਫਿਲਮ ‘ਸਾਹੋ’ ਲਈ ਤਾਮਿਲ ਅਤੇ ਤੇਲਗੂ ਭਾਸ਼ਾ ਸਿੱਖ ਰਹੀ ਹੈ। ਸ਼ਰਧਾ ਕਪੂਰ ‘ਸਾਹੋ’ ਵਿਚ ਬਾਹੂਬਲੀ ਸਟਾਰ ਪ੍ਰਭਾਸ ਨਾਲ ਨਜ਼ਰ ਆਵੇਗੀ। ਇਹ ਫਿਲਮ ‘ਤੇਲਗੂ, ਤਾਮਿਲ ਅਤੇ ਹਿੰਦੀ ਭਾਸ਼ਾ ‘ਚ ਰਿਲੀਜ਼ ਹੋਵੇਗੀ। ਫਿਲਮ ਦਾ ਬਜਟ ਲੱਗਭਗ 150 ਕਰੋੜ ਦੱਸਿਆ ਜਾ ਰਿਹਾ ਹੈ। ਫਿਲਮ ਵਿਚ ਸੰਗੀਤ ਸੰਗੀਤਕਾਰ ਸ਼ੰਕਰ ਅਹਿਸਾਨ ਲੋਏ ਦੇਣਗੇ। ਇਸ ਫਿਲਮ ਵਿਚ ਸ਼ਰਧਾ ਕਪੂਰ ਡਬਲ ਰੋਲ ‘ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਸ ਦਾ ਦੂਜਾ ਕਿਰਦਾਰ ਇਕ ਡਰਪੋਕ ਲੜਕੀ ਦਾ ਹੋਵੇਗਾ।
ਜ਼ਿਕਰਯੋਗ ਹੈ ਕਿ ਇਸ ਫਿਲਮ ‘ਚ ਸ਼ਰਧਾ ਨੂੰ ਕੁਝ ਸੀਨਜ਼ ਲਈ ਜ਼ਬਰਦਸਤ ਐਕਸ਼ਨ ਕਰਨੇ ਪੈਣਗੇ ਪਰ ਸ਼ਰਧਾ ਨੇ ਇਸ ਲਈ ਕਿਸੇ ਵੀ ਬਾਡੀ ਡਬਲ ਦਾ ਇਸਤੇਮਾਲ ਕਰਨ ਤੋਂ ਮਨਾ ਕਰ ਦਿੱਤਾ ਹੈ। ਅਜਿਹੇ ‘ਚ ਸਭ ਸੀਨਜ਼ ਨੂੰ ਉਹ ਖੁਦ ਪਰਫਾਰਮ ਕਰੇਗੀ। ਇਸ ਲਈ ਸ਼ਰਧਾ ਨੇ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ ਹੈ। ਕੁਝ ਹੀ ਹਫਤਿਆਂ ਬਾਅਦ ਸ਼ਰਧਾ ਇਨ੍ਹਾਂ ਐਕਸ਼ਨ ਸੀਨਜ਼ ਨੂੰ ਫਿਲਮਾਏਗੀ। ਇਸ ਤੋਂ ਇਲਾਵਾ ਸ਼ਰਧਾ ਆਪਣੀਆਂ ਫਿਲਮਾਂ ਨੂੰ ਲੈ ਕੇ ਕਾਫੀ ਮਿਹਨਤ ਕਰ ਰਹੀ ਹੈ। ਬੀਤੇ ਦਿਨੀਂ ਸ਼ਰਧਾ ਨੂੰ ਬੈਡਮਿੰਟਨ ਖੇਡਦੇ ਦੇਖਿਆ ਗਿਆ ਸੀ ਕਿਉੁਂਕਿ ਬੈਡਮਿੰਟਨ ਸਟਾਰ ਸਾਈਨਾ ਨੇਹਵਾਲ ‘ਤੇ ਬਣ ਰਹੀ ਫਿਲਮ ‘ਚ ਸਾਈਨਾ ਦਾ ਕਿਰਦਾਰ ਨਿਭਾਉਣ ਜਾ ਰਹੀ ਹੈ।