ਓਡੇਨਸੇ— ਗੈਰ ਦਰਜਾ ਪ੍ਰਾਪਤ ਭਾਰਤ ਦੇ ਐੱਚ. ਐੱਸ. ਪ੍ਰਣਯ ਨੇ ਸਾਬਕਾ ਨੰਬਰ ਇਕ ਤੇ ਸੱਤਵੀਂ ਸੀਡ ਮਲੇਸ਼ੀਆ ਦੇ ਲੀ ਚੋਂਗ ਵੇਈ ਨੂੰ ਵੀਰਵਾਰ ਨੂੰ ਤਿੰਨ ਸੈੱਟਾਂ ਵਿਚ 21-17, 11-21, 21-19 ਨਾਲ ਹਰਾ ਕੇ ਤਹਿਲਕਾ ਮਚਾ ਦਿੱਤਾ ਤੇ ਇਸ ਜਿੱਤ ਦੇ ਨਾਲ ਹੀ ਉਸ ਨੇ ਡੈੱਨਮਾਰਕ ਓਪਨ ਬੈਡਮਿੰਟਨ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ।
ਪ੍ਰਣਯ ਦੇ ਇਲਾਵਾ ਗੈਰ-ਦਰਜਾ ਪ੍ਰਾਪਤ ਨੇਹਵਾਲ ਤੇ ਅੱਠਵੀਂ ਸੀਡ ਕਿਦਾਂਬੀ ਸ਼੍ਰੀਕਾਂਤ ਨੇ ਵੀ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਪਹਿਲੇ ਰਾਊਂਡ ਵਿਚ ਓਲੰਪਿਕ ਚੈਂਪੀਅਨ ਸਪੇਨ ਦੀ ਕੈਰੋਲੀਨਾ ਮਾਰਿਨ ਨੂੰ ਹਰਾ ਕੇ ਸਾਇਨਾ ਨੇ ਦੂਜੇ ਦੌਰ ਵਿਚ ਥਾਈਲੈਂਡ ਦੀ ਨਿਚੋਨ ਜਿੰਦਾਪੋਲ ਨੂੰ 42 ਮਿੰਟ ਵਿਚ 22-20, 21-13 ਨਾਲ ਹਰਾਇਆ, ਜਦਕਿ ਸ਼੍ਰੀਕਾਂਤ ਨੇ ਕੋਰੀਆ ਦੇ ਜਿਊਨ ਹਿਯੋ ਜਿੰਗ ਨੂੰ ਇਕ ਘੰਟਾ 51 ਮਿੰਟ ਦੇ ਮੈਰਾਥਨ ਸੰਘਰਸ਼ ਵਿਚ 21-13, 8-21, 21-18 ਨਾਲ ਹਰਾਇਆ।
ਪ੍ਰਣਯ ਨੇ ਚੋਂਗ ਵੇਈ ਤੋਂ ਇਹ ਮੁਕਾਬਲਾ ਇਕ ਘੰਟਾ ਤਿੰਨ ਮਿੰਟ ਵਿਚ ਜਿੱਤਿਆ। ਵਿਸ਼ਵ ਰੈਂਕਿੰਗ ਵਿਚ 14ਵੇਂ ਨੰਬਰ ਦੇ ਭਾਰਤੀ ਖਿਡਾਰੀ ਨੇ ਇਸ ਜਿੱਤ ਦੇ ਨਾਲ ਚੋਂਗ ਵੇਈ ਵਿਰੁੱਧ ਆਪਣਾ ਕਰੀਅਰ ਰਿਕਾਰਡ 2-2 ਕਰ ਲਿਆ ਹੈ। ਪ੍ਰਣਯ ਦਾ ਕੁਆਰਟਰ ਫਾਈਨਲ ਵਿਚ ਟਾਪ ਸੀਡ ਖਿਡਾਰੀ ਕੋਰੀਆ ਦੇ ਸੋਨ ਵਾਨ ਹੋ ਨਾਲ ਮੁਕਾਬਲਾ ਹੋਵੇਗਾ, ਜਿਸ ਦੇ ਵਿਰੁੱਧ ਉਸਦਾ 1-2 ਦਾ ਰਿਕਾਰਡ ਹੈ।