ਮੁਕਤਸਰ,
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਦੇ-ਪੁੱਜਦੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਸਹੂਲਤ ਨਾ ਲੈਣ ਦੀ ਕੀਤੀ ਅਪੀਲ ਨੂੰ ਉਨ੍ਹਾਂ ਦੇ ਹੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਣਸੁਣੀ ਕਰ ਦਿੱਤਾ ਹੈ। ਸ੍ਰੀ ਬਾਦਲ ਆਪਣੇ ਜੱਦੀ ਪਿੰਡ ਬਾਦਲ ਵਿੱਚ ਦੋ ਟਿਊਬਵੈੱਲਾਂ ਉਤੇ ਮੁਫ਼ਤ ਬਿਜਲੀ ਦੀ ਸਹੂਲਤ ਲੈ ਰਹੇ ਹਨ।
ਵਿੱਤ ਮੰਤਰੀ ਦੀ ਇਹ ਕਾਰਵਾਈ ਮੁੱਖ ਮੰਤਰੀ ਦੀ ਅਪੀਲ ਦੇ ਹੀ ਨਹੀਂ, ਸਗੋਂ ਖ਼ੁਦ ਉਨ੍ਹਾਂ ਵੱਲੋਂ ਸਰਕਾਰੀ ਖ਼ਰਚੇ ਘਟਾਉਣ ਦੀ ਕੀਤੀ ਪਹਿਲਕਦਮੀ ਦੇ ਵੀ ਉਲਟ ਹੈ। ਗ਼ੌਰਤਲਬ ਹੈ ਕਿ ਖ਼ਰਚੇ ਘਟਾਉਣ ਦੀ ਆਪਣੀ ਮੁਹਿੰਮ ਤਹਿਤ ਵਿੱਤ ਮੰਤਰੀ ਨੇ ਦਫ਼ਤਰ ਵਿੱਚ ਮਿਲਣ ਆਉਣ ਵਾਲੇ ਲੋਕਾਂ ਨੂੰ ਚਾਹ ਤੱਕ ਪਿਆਉਣੀ ਬੰਦ ਕੀਤੀ ਹੋਈ ਹੈ।
ਉਨ੍ਹਾਂ ਤੋਂ ਇਲਾਵਾ ਉਨ੍ਹਾਂ ਦੇ ਤਾਇਆ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਦੀ ਮਰਹੂਮ ਪਤਨੀ ਬੀਬੀ ਸੁਰਿੰਦਰ ਕੌਰ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਾਵਾਂ ਉਤੇ ਪਿੰਡ ਬਾਦਲ ਵਿੱੱਚ ਚੱਲਦੇ ਤਿੰਨ ਟਿਊਬਵੈੱਲਾਂ ਉਤੇ ਵੀ ਬਿਜਲੀ ਸਬਸਿਡੀ ਲਈ ਜਾ ਰਹੀ ਹੈ। ਪਾਵਰਕੌਮ ਨੇ ਸੂਚਨਾ ਅਧਿਕਾਰ ਤਹਿਤ ਦੱਤੀ ਜਾਣਕਾਰੀ ਵਿੱਚ ਦੱਸਿਆ ਹੈ ਕਿ ਪਿੰਡ ਬਾਦਲ ਵਿੱਚ ਮੁਫ਼ਤ ਬਿਜਲੀ ਵਾਲੇ 225 ਟਿਊਬਵੈੱਲ ਹਨ ਤੇ ਹਾਲੇ ਕਿਸੇ ਲਈ ਮੁਫ਼ਤ ਬਿਜਲੀ ਨਹੀਂ ਛੱਡੀ ਗਈ।
ਪਾਵਰਕੌਮ ਦੇ ਬਾਦਲ ਸਥਿਤ ਐਸਡੀਓ ਭਜਨੀਤ ਸ਼ਰਮਾ ਨੇ ਕਿਹਾ, ‘‘ਦੋ ਮੁਫ਼ਤ ਕੁਨੈਕਸ਼ਨ ਮਨਪ੍ਰੀਤ ਸਿੰਘ ਬਾਦਲ ਅਤੇ ਇਕ-ਇਕ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਸੁਰਿੰਦਰ ਕੌਰ ਬਾਦਲ ਦੇ ਨਾਂ ’ਤੇ ਚੱਲ ਰਹੇ ਹਨ।’’ ਸੂਤਰਾਂ ਮੁਤਾਬਕ ਵਿੱਤ ਮੰਤਰੀ ਵੱਲੋਂ 2007 ਤੋਂ 12-15 ਲੱਖ ਰੁਪਏ ਦੀ ਬਿਜਲੀ ਸਬਸਿਡੀ ਲਈ ਗਈ ਹੈ।