ਨਵੀਂ ਦਿੱਲੀ, 23 ਅਗਸਤ
ਰੀਓ ਓਲੰਪਿਕਸ ’ਚ ਸੋਨ ਤਗ਼ਮਾ ਜੇਤੂ ਨੇਜ਼ਾ ਸੁਟਾਵੇ ਅਥਲੀਟ ਦੇਵੇਂਦਰ ਝਾਂਝੜੀਆ ਤੇ ਸਾਬਕਾ ਭਾਰਤੀ ਹਾਕੀ ਕਪਤਾਨ ਸਰਦਾਰ ਸਿੰਘ ਨੂੰ ਇਸ ਸਾਲ 29 ਅਗਸਤ ਨੂੰ ਖੇਡ ਦਿਹਾੜੇ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇਸ਼ ਦੇ ਸਰਵਉੱਚ ਖੇਡ ਪੁਰਸਕਾਰ ਰਾਜੀਵ ਗਾਂਧੀ ਖੇਡ ਰਤਨ ਨਾਲ ਸਨਮਾਨਿਤ ਕਰਨਗੇ। ਰਾਸ਼ਟਰਪਤੀ ਇਸ ਦੇ ਨਾਲ ਹੀ ਕ੍ਰਿਕਟਰ ਚੇਤੇਸ਼ਵਰ ਪੁਜਾਰਾ ਤੇ ਹਰਮਨਪ੍ਰੀਤ ਕੌਰ ਸਮੇਤ 17 ਖਿਡਾਰੀਆਂ ਨੂੰ ਅਰਜੁਨ ਐਵਾਰਡ ਵੀ ਦੇਣਗੇ।
ਸਰਕਾਰ ਨੇ ਮੰਗਲਵਾਰ ਨੂੰ ਅਧਿਕਾਰਤ ਤੌਰ ’ਤੇ ਇਨ੍ਹਾਂ ਕੌਮੀ ਖੇਡ ਪੁਰਸਕਾਰਾਂ ਲਈ ਖਿਡਾਰੀਆਂ ਦਾ ਐਲਾਨ ਕੀਤਾ ਜਿਨ੍ਹਾਂ ਦੇ ਨਾਂ ਅਰਜੁਨ ਪੁਰਸਕਾਰ ਕਮੇਟੀ ਅਤੇ ਦਰੋਣਾਚਾਰੀਆ ਪੁਰਸਕਾਰ ਕਮੇਟੀ ਨੇ ਸਿਫਾਰਸ਼ ਕੀਤੇ ਸਨ। ਦਰੋਣਾਚਾਰੀਆ ਪੁਰਸਕਾਰਾਂ ’ਚੋਂ ਸਿਰਫ਼ ਕੋਚ ਸੱਤਿਆਨਾਰਾਇਣ ਨੂੰ ਹਟਾਇਆ ਗਿਆ ਹੈ, ਜਿਸ ਖ਼ਿਲਾਫ਼ ਇੱਕ ਅਪਰਾਧਿਕ ਕੇਸ ਅਦਾਲਤ ’ਚ ਚੱਲ ਰਿਹਾ ਹੈ। ਖੇਡ ਮੰਤਰੀ ਵਿਜੈ ਗੋਇਲ ਨੇ ਬੀਤੇ ਸ਼ੁੱਕਰਵਾਰ ਦੀ ਰਾਤ ਇਨ੍ਹਾਂ ਨਾਵਾਂ ਦੀ ਫਾਈਲਾਂ ਨੂੰ ਮਨਜ਼ੂਰੀ ਦੇ ਦਿੱਤੀ ਸੀ ਜਿਸ ਦੇ ਅਗਲੇ ਦਿਨ ਸੱਤਿਆਨਾਰਾਇਣ ਦਾ ਨਾਂ ਸੂਚੀ ਤੋਂ ਹਟਾ ਦਿੱਤਾ ਗਿਆ। 17 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਮਿਲੇਗਾ। ਤਿੰਨ ਖਿਡਾਰੀਆਂ ਨੂੰ ਲਾਈਫਟਾਈਮ ਧਿਆਨਚੰਦ ਪੁਰਸਕਾਰਾਂ ਨਾਲ ਸਨਮਾਨਿਆ ਜਾਵੇਗਾ। ਰਾਸ਼ਟਰਪਤੀ ਖੇਡ ਦਿਵਸ ਦੇ ਦਿਨ ਰਾਸ਼ਟਰਪਤੀ ਭਵਨ ’ਚ ਕਰਾਏ ਜਾਣ ਵਾਲੇ ਇੱਕ ਵਿਸ਼ੇਸ਼ ਸਮਾਗਮ ’ਚ ਇਨ੍ਹਾਂ ਖਿਡਾਰੀਆਂ ਨੂੰ ਇਹ ਪੁਰਸਕਾਰ ਦੇਣਗੇ। ਖੇਡ ਰਤਨ ’ਚ ਸੱਤ ਲੱਖ ਦੀ ਇਨਾਮੀ ਰਾਸ਼ੀ ਜਦਕਿ ਅਰਜੁਨ, ਦਰੋਣਾਚਾਰੀਆ ਤੇ ਧਿਆਨਚੰਦ ਪੁਰਸਕਾਰਾਂ ’ਚ ਪੰਜ ਪੰਜ ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ।
36 ਸਾਲਾ ਦੇਵੇਂਦਰ ਖੇਡ ਰਤਨ ਹਾਸਲ ਕਰਨ ਵਾਲਾ ਪਹਿਲਾ ਪੈਰਾ ਅਥਲੀਟ ਬਣੇਗਾ। ਉਸ ਨੇ ਬੀਤੇ ਸਾਲ ਰੀਓ ਓਲੰਪਿਕਸ ’ਚ ਨੇਜ਼ਾ ਸੁੱਟਣ ਦੇ ਐਫ-46 ਮੁਕਾਬਲੇ ’ਚ ਸੋਨ ਤਗ਼ਮਾ ਜਿੱਤਿਆ ਸੀ। ਦੁਨੀਆਂ ਦੇ ਬਿਹਤਰੀਨ ਮਿਡਫੀਲਡਰਾਂ ’ਚ ਸ਼ੁਮਾਰ ਸਰਦਾਰ ਸਿੰਘ ਦੀ ਅਗਵਾਈ ’ਚ ਭਾਰਤ ਨੇ 2014 ਦੇ ਇੰਚੀਓਨ ਏਸ਼ਿਆਈ ਖੇਡਾਂ ’ਚ 16 ਸਾਲਾਂ ਮਗਰੋਂ ਜਾ ਕੇ ਸੋਨ ਤਗ਼ਮਾ ਹਾਸਲ ਕੀਤਾ ਸੀ ਅਤੇ ਰੀਓ ਓਲੰਪਿਕਸ ਲਈ ਸਿੱਧੇ ਕੁਆਲੀਫਾਈ ਕੀਤਾ ਸੀ। ਸਰਦਾਰ ਦੀ ਅਗਵਾਈ ’ਚ ਭਾਰਤ ਨੇ ਨਾ ਸਿਰਫ਼ ਪਿਛਲੀਆਂ ਏਸ਼ਿਆਈ ਖੇਡਾਂ ’ਚ ਸੋਨ ਤਗ਼ਮਾ ਜਿੱਤਿਆ ਬਲਕਿ ਸਿੱਧੇ ਰੀਓ ਓਲੰਪਿਕਸ ਦੀ ਟਿਕਟ ਵੀ ਹਾਸਲ ਕੀਤੀ ਸੀ।
ਅਰਜੁਨ ਪੁਰਸਕਾਰ ਲਈ ਕ੍ਰਿਕਟ ਚੇਤੇਸ਼ਵਰ ਪੁਜਾਰਾ ਤੇ ਮਹਿਲਾ ਕ੍ਰਿਕਟਰ ਹਰਮਨਪ੍ਰੀਤ ਕੌਰ, ਰੀਓ ਪੈਰਾਲੰਪਿਕ ’ਚ ਉੱਚੀ ਛਾਲ ’ਚ ਕਾਂਸੀ ਤਗ਼ਮਾ ਹਾਸਲ ਕਰਨ ਵਾਲੇ ਵਰੁਣ ਸਿੰਘ ਭਾਟੀ, ਬਾਸਕਟਬਾਲ ਖਿਡਾਰੀ ਪ੍ਰਸ਼ਾਂਤੀ ਸਿੰਘ, ਗੋਲਫਰ ਐਸਐਸਪੀ ਚੌਰਸੀਆ ਤੇ ਮਹਿਲਾ ਫੁਟਬਾਲਰ ਓਨਮ ਬੇਮਬੇਮ ਦੇਵੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਟੈਨਿਸ ਖਿਡਾਰੀ ਸਾਕੇਤ ਮਿਨੈਨੀ, ਰੀਓ ਪੈਰਾਲੰਪਿਕ ’ਚ ਸੋਨ ਤਗ਼ਮਾ ਜਿੱਤਣ ਵਾਲੇ ਅਥਲੀਟ ਮਰੀਅੱਪਨ ਥੰਗਾਵੇਲੂ, ਮਹਿਲਾ ਤੀਰਅੰਦਾਜ਼ ਵੀਜੇ ਸੁਰੇਖਾ, ਅਥਲੀਟ ਖੁਸ਼ਬੀਰ ਕੌਰ ਤੇ ਆਰੋਕੀਆ ਰਾਜੀਵ, ਹਾਕੀ ਖਿਡਾਰੀ ਐਸਵੀ ਸੁਨੀਲ, ਪਹਿਲਵਾਨ ਸੱਤਿਆਵਰੱਤ ਕਾਦੀਆਨ, ਟੇਬਲ ਟੈਨਿਸ ਖਿਡਾਰੀ ਐਂਥੋਨੀ ਅਮਲਰਾਜ, ਨਿਸ਼ਾਨੇਬਾਜ਼ ਪੀਐਨ ਪ੍ਰਕਾਸ਼, ਕਬੱਡੀ ਖਿਡਾਰੀ ਜਸਵੀਰ ਸਿੰਘ ਤੇ ਮੁੱਕੇਬਾਜ਼ ਦੇਵੇਂਦਰੋ ਸਿੰਘ ਅਰਜੁਨ ਐਵਾਰਡ ਹਾਸਲ ਕਰਨਗੇ। ਇਸੇ ਤਰ੍ਹਾਂ ਮਹਰੂਮ ਡਾ. ਰਾਮਕ੍ਰਿਸ਼ਣਨ ਗਾਂਧੀ (ਅਥਲੈਟਿਸਕ), ਹੀਰਾਨੰਦ ਕਟਾਰੀਆ (ਕਬੱਡੀ) ਨੂੰ ਦਰੋਣਾਚਾਰੀਆ ਪੁਰਸਕਾਰ। ਜੀਐਸਐਸਵੀ ਪ੍ਰਸਾਦ (ਬੈਡਮਿੰਟਨ), ਬ੍ਰਿਜਭੂਸ਼ਣ ਮੋਹੰਤੀ (ਮੁੱਕੇਬਾਜ਼ੀ), ਪੀਏ ਰਫੇਲ (ਹਾਕੀ), ਸੰਜੈ ਚਕਰਵਰਤੀ (ਨਿਸ਼ਾਨੇਬਾਜ਼ੀ) ਤੇ ਰੌਸ਼ਨ ਲਾਲ (ਕੁਸ਼ਤੀ) ਨੂੰ ਲਾਈਫਟਾਈਮ ਦਰੋਣਚਾਰੀਆ ਐਵਾਰਡ ਅਤੇ ਭੁਪਿੰਦਰ ਸਿੰਘ (ਅਥਲੈਟਿਕਸ), ਸਯਦ ਸ਼ਾਹਿਦ ਹਕੀਮ (ਫੁੱਟਬਾਲ) ਅਤੇ ਸੁਮਰਈ ਟੇਟੇ (ਹਾਕੀ) ਧਿਆਨਚੰਦ ਐਵਾਰਡ ਦਿੱਤਾ ਜਾਵੇਗਾ।