ਚੰਡੀਗੜ੍ਹ, 15 ਨਵੰਬਰ
ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਨੇ ਅੱਜ ‘ਆਪ’ ਦੇ ਤਿੰਨ ਵਿਧਾਇਕਾਂ ਸਮੇਤ ਪੰਜਾਬ ਸਕੱਤਰੇਤ ਦੇ ਅਤਿ-ਸੁਰੱਖਿਆ ਵਾਲੇ ਖੇਤਰ ਵਿੱਚ ਧਰਨਾ ਲਾ ਕੇ ਸੂਬੇ ਦੇ ਪਾਣੀਆਂ ਦੀ ਲੁੱਟ ਰੋਕਣ ਦੀ ਮੰਗ ਕੀਤੀ ਹੈ। ਬੈਂਸ ਭਰਾਵਾਂ ਨੇ ਪਿਛਲੇ ਹਫ਼ਤੇ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਮੈਮੋਰੰਡਮ ਦੇ ਕੇ ਚਿਤਾਵਨੀ ਦਿੱਤੀ ਸੀ ਕਿ ਜੇ ਪੰਜਾਬ ਵਿਧਾਨ ਸਭਾ ਵਿੱਚ ਪਾਸ ਹੋਏ ਮਤੇ ਤਹਿਤ ਸੂਬੇ ਦੇ ਦਰਿਆਵਾਂ ਦੇ ਹੋਰ ਸੂਬਿਆਂ ਵਿੱਚ ਸਪਲਾਈ ਹੋਏ ਪਾਣੀ ਦੀ ਕਰੋੜਾਂ ਰੁਪਏ ਦੀ ਵਸੂਲੀ ਤੁਰੰਤ ਨਾ ਕੀਤੀ ਤਾਂ ਉਹ ਚੰਡੀਗੜ੍ਹ ਵਿੱਚ ਧਰਨਿਆਂ ਦੀ ਲੜੀ ਸ਼ੁਰੂ ਕਰ ਦੇਣਗੇ। ਅੱਜ ਇਹ ਵਿਧਾਇਕ ਸੁਰੱਖਿਆ ਅਮਲੇ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਪੰਜਾਬ ਸਕੱਤਰੇਤ ਦੇ ਮੁੱਖ ਗੇਟ ਅੱਗੇ ਧਰਨਾ ਲਾਉਣ ਵਿੱਚ ਕਾਮਯਾਬ ਹੋ ਗਏ। ਇਸ ਮੌਕੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ, ‘ਆਪ’ ਪੰਜਾਬ ਦੇ ਮੀਤ ਪ੍ਰਧਾਨ ਤੇ ਵਿਧਾਇਕ ਅਮਨ ਅਰੋੜਾ ਤੇ ਕੰਵਰ ਸੰਧੂ ਵੀ ਬੈਂਸ ਭਰਾਵਾਂ ਨਾਲ ਸਨ। ਇਹ ਵਿਧਾਇਕ ਇੱਥੇ ਤਕਰੀਬਨ ਇਕ ਘੰਟਾ ਧਰਨਾ ਲਾ ਕੇ ਬੈਠੇ ਰਹੇ, ਪਰ ਪੁਲੀਸ ਜਾਂ ਹੋਰ ਸੁਰੱਖਿਆ ਏਜੰਸੀਆਂ ਨੇ ਉਨ੍ਹਾਂ ਨੂੰ ਉਠਾਉਣ ਦਾ ਯਤਨ ਨਹੀਂ ਕੀਤਾ।ਇਸ ਮੌਕੇ ਸਿਮਰਜੀਤ ਬੈਂਸ ਨੇ ਦੋਸ਼ ਲਾਇਆ ਕਿ ਵਿਧਾਨ ਸਭਾ ਵਿੱਚ ਪਾਸ ਹੋਏ ਮਤੇ ’ਤੇ ਅੱਜ ਤੱਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸਿਰਫ਼ ਰਾਜਸਥਾਨ ਕੋਲੋਂ ਹੀ 15,34,000 ਕਰੋੜ ਰੁਪਏ ਦੀ ਵਸੂਲੀ ਬਣਦੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪੰਜਾਬ ਸਰਕਾਰ ਜਦੋਂ ਤੱਕ ਤਿੰਨਾਂ ਰਾਜਾਂ ਤੋਂ ਪਾਣੀ ਦੀ ਰਾਸ਼ੀ ਵਸੂਲਣ ਲਈ ਬਿੱਲ ਨਹੀਂ ਭੇਜਦੀ, ਉਦੋਂ ਤੱਕ ਉਹ ਮੁੱਖ ਮੰਤਰੀ ਦੀ ਕੋਠੀ ਅੱਗੇ ਹਰ ਹਫ਼ਤੇ ਧਰਨਾ ਲਾਉਣਗੇ। ਇਸ ਤਹਿਤ ਹਰੇਕ ਮੰਗਲਵਾਰ ਲੋਕ ਇਨਸਾਫ਼ ਪਾਰਟੀ ਦਾ ਇਕ ਵਿਧਾਇਕ ‘ਆਪ’ ਦੇ ਵਿਧਾਇਕਾਂ ਸਮੇਤ ਮੁੱਖ ਮੰਤਰੀ ਦੀ ਕੋਠੀ ਅੱਗੇ ਇਕ ਘੰਟੇ ਲਈ ਧਰਨਾ ਲਾਏਗਾ।