ਲੁਧਿਆਣਾ, ਸ਼ਿਮਲਾਪੁਰੀ ਇਲਾਕੇ ਵਿੱਚ ਸ਼ਰਾਬ ਪੀਣ ਤੋਂ ਰੋਕਣ ‘ਤੇ ਇੱਕ ਸ਼ਰਾਬੀ ਪੁੱਤਰ ਨੇ ਆਰੀ ਦੇ ਬਲੇਡ ਨਾਲ ਆਪਣੀ ਮਾਂ ਦਾ ਗਲਾ ਵੱਢ ਦਿੱਤਾ। ਰਾਜ ਰਾਣੀ (50) ਦੀ ਲਾਸ਼ ਬਾਹਰ ਸੁੱਟ ਕੇ ਮੁਲਜ਼ਮ ਖ਼ੁਦ ਪੁਲੀਸ ਕੋਲ ਚਲਾ ਗਿਆ। ਪੁਲੀਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਤੇ ਪੋਸਟਮਾਰਟਮ ਲਈ ਲਾਸ਼ ਸਿਵਲ ਹਸਪਤਾਲ ਭੇਜ ਦਿੱਤੀ। ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।  ਮੁਲਜ਼ਮ ਦੇ ਭਰਾ ਚੰਦਰ ਪ੍ਰਕਾਸ਼ ਨੇ ਦੱਸਿਆ ਕਿ ਮੁਲਜ਼ਮ ਮਨੀਸ਼ ਕੋਈ ਕੰਮ ਨਹੀਂ ਕਰਦਾ ਤੇ ਸ਼ਰਾਬ ਪੀਣ ਦਾ ਆਦੀ ਹੈ, ਜਿਸ ਕਾਰਨ ਘਰ ਵਿੱਚ ਕਲੇਸ਼ ਰਹਿੰਦਾ ਸੀ। ਉਸ ਨੇ ਦੱਸਿਆ ਕਿ ਸ਼ਨਿਚਰਵਾਰ ਦੇਰ ਰਾਤ ਉਸ ਦੇ ਪਿਤਾ ਕਿਸੇ ਕੰਮ ਕਾਰਨ ਰੇਲਵੇ ਸਟੇਸ਼ਨ ਗਏ ਹੋਏ ਸਨ ਤੇ ਉਹ ਵੀ ਘਰ ਨਹੀਂ ਸੀ। ਘਰ ’ਚ ਸਿਰਫ਼ ਉਸ ਦੀ ਮਾਂ ਤੇ ਮਨੀਸ਼ ਸਨ। ਉਸ ਨੇ ਦੱਸਿਆ ਕਿ ਮਨੀਸ਼ ਨੇ ਸ਼ਰਾਬ ਪੀਤੀ ਹੋਈ ਸੀ। ਉਸ ਦੀ ਮਾਂ ਨੇ ਮਨੀਸ਼ ਨੂੰ ਸ਼ਰਾਬ ਪੀਣੀ ਬੰਦ ਕਰ ਕੇ ਕੁਝ ਕੰਮ ਧੰਦਾ ਕਰਨ ਲਈ ਆਖਿਆ। ਇਸ ਗੱਲ ’ਤੇ ਦੋਵਾਂ ਵਿੱਚ ਲੜਾਈ ਹੋ ਗਈ ਜਿਸ ਦੌਰਾਨ ਮਨੀਸ਼ ਨੇ ਮਾਂ ਨੂੰ ਧੱਕਾ ਦੇ ਦਿੱਤਾ। ਉਹ ਥੱਲੇ ਡਿੱਗ ਗਈ ਤੇ ਮੁਲਜ਼ਮ ਨੇ ਉਸ ਦਾ ਗਲਾ ਘੋਟ ਦਿੱਤਾ। ਮੁਲਜ਼ਮ ਨੇ ਆਰੀ ਦਾ ਬਲੇਡ ਲਿਆ ਕੇ   ਆਪਣੀ ਮਾਂ ਦਾ ਗਲਾ ਵੱਢ ਦਿੱਤਾ ਜਿਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਨੀਸ਼ ਨੇ ਲਾਸ਼ ਚੁੱਕੀ ਤੇ ਬਾਹਰ ਸੁੱਟ ਦਿੱਤੀ ਤੇ ਉਸ ਨੂੰ ਫੋਨ ਕਰ ਕੇ ਦੱਸਿਆ ਕਿ ਉਸ ਨੇ ਮਾਂ ਨੂੰ ਮਾਰ ਦਿੱਤਾ ਹੈ।
ਥਾਣਾ ਸ਼ਿਮਲਾਪੁਰੀ ਦੇ ਐੱਸਐੱਚਓ ਮੁਹੰਮਦ ਜਮੀਲ ਨੇ ਕਿਹਾ ਕਿ ਪੁਲੀਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਉਸ ਨੇ ਪੁਲੀਸ ਨੂੰ ਦੱਸਿਆ ਕਿ ਘਰੇਲੂ ਲੜਾਈ ਕਾਰਨ ਇਹ ਕਤਲ ਹੋਇਆ ਹੈ।