ਨਵੀਂ ਦਿੱਲੀ, ਰੀਓ ਓਲੰਪਿਕਸ ’ਚ ਚਾਂਦੀ ਦਾ ਤਗ਼ਮਾ ਜੇਤੂ ਪੀਵੀ ਸਿੰਧੂ ਅਤੇ ਦੁਨੀਆਂ ਦੇ ਅੱਠਵੇਂ ਨੰਬਰ ਦੇ ਖਿਡਾਰੀ ਕਿਦਾਂਬੀ ਸ੍ਰੀਕਾਂਤ ਨੂੰ 21 ਅਗਸਤ ਨੂੰ ਗਲਾਸਗੋ ’ਚ ਹੋਣ ਵਾਲੀ ਬੀਡਬਲਿਊ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਲਈ ਕ੍ਰਮਵਾਰ ਚੌਥਾ ਤੇ ਅੱਠਵਾਂ ਦਰਜਾ ਦਿੱਤਾ ਗਿਆ ਹੈ।
ਵਿਸ਼ਵ ਚੈਂਪੀਅਨਸ਼ਿਪ ਦੀ 2013 ਤੇ 2014 ਦੀ ਕਾਂਸੀ ਤਗ਼ਮਾ ਜੇਤੂ ਸਿੰਧੂ ਨੂੰ ਦਰਜਾਬੰਦੀ ’ਚ ਦੋ ਵਾਰ ਦੀ ਜੇਤੂ ਤੇ ਓਲੰਪਿਕ ਚੈਂਪੀਅਨ ਕੈਰੋਲੀਨਾ ਮਾਰਿਨ ਤੋਂ ਬਾਅਦ ਰੱਖਿਆ ਗਿਆ ਹੈ। ਵਿਸ਼ਵ ਚੈਂਪੀਅਨਸ਼ਿਪ 2015 ’ਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਦੁਨੀਆਂ ਦੀ 16ਵੇਂ ਨੰਬਰ ਦੀ ਖਿਡਾਰਨ ਸਾਇਨਾ ਨੇਹਵਾਲ ਨੂੰ ਟੂਰਨਾਮੈਂਟ ’ਚ 12ਵਾਂ ਦਰਜਾ ਦਿੱਤਾ ਗਿਆ ਹੈ। ਚੀਨੀ ਤਾਈਪੇ ਦੀ ਦੁਨੀਆਂ ਦੀ ਨੰਬਰ ਇੱਕ ਖਿਡਾਰਨ ਤਾਈ ਜੂ ਯਿੰਗ ਦੇ ਟੂਰਨਾਮੈਂਟ ਤੋਂ ਹਟਣ ਮਗਰੋਂ ਜਪਾਨ ਦੀ ਅਕਾਨੇ ਯਾਮਾਗੁਚੀ ਅਤੇ ਕੋਰੀਆ ਦੀ ਸੁੰਗ ਜੀ ਹਿਊਨ ਨੂੰ ਕ੍ਰਮਵਾਰ ਪਹਿਲਾ ਤੇ ਦੂਜਾ ਦਰਜਾ ਦਿੱਤਾ ਗਿਆ ਹੈ। ਇੰਡੋਨੇਸ਼ੀਆ ਅਤੇ ਆਸਟਰੇਲੀਆ ਓਪਨ ’ਚ ਲਗਾਤਾਰ ਖ਼ਿਤਾਬ ਨਾਲ ਬਿਹਤਰੀਨ ਫੌਰਮ ’ਚ ਚੱਲ ਰਹੇ ਅੱਠਵਾਂ ਦਰਜ ਸ੍ਰੀਕਾਂਤ ਦਰਜਾਬੰਦੀ ’ਚ ਦੋ ਵਾਰ ਦੇ ਓਲੰਪਿਕ ਚੈਂਪੀਅਨ ਅਤੇ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਚੀਨ ਦੇ ਲਿਨ ਡੈਨ ਮਗਰੋਂ ਹੈ। ਹੋਰਨਾਂ ਭਾਰਤੀਆਂ ’ਚ ਅਜੈ ਜੈਰਾਮ ਅਤੇ ਬੀ ਸਾਈ ਪ੍ਰਣੀਤ ਨੂੰ ਕ੍ਰਮਵਾਰ 13ਵਾਂ ਤੇ 15ਵਾਂ ਦਰਜਾ ਦਿੱਤਾ ਗਿਆ ਹੈ, ਜਦਕਿ ਦੁਨੀਆਂ ਦਾ 28ਵਾਂ ਦਰਜਾ ਖਿਡਾਰੀ ਸਮੀਰ ਵਰਮਾ ਆਪਣੀ ਮੁਹਿੰਮ ਦੀ ਸ਼ੁਰੂਆਤ ਗ਼ੈਰ-ਦਰਜਾ ਖਿਡਾਰੀ ਵਜੋਂ ਕਰੇਗਾ। ਮਿਕਸਡ ਡਬਲਜ਼ ’ਚ ਪ੍ਰਣਵ ਜੈਰੀ ਚੋਪੜਾ ਅਤੇ ਸਿੱਕੀ ਰੈੱਡੀ ਨੂੰ 15ਵਾਂ ਦਰਜਾ ਦਿੱਤਾ ਗਿਆ ਹੈ।