ਨਵੀਂ ਦਿੱਲੀ, 25 ਅਕਤੂਬਰ
ਵਿਸ਼ਵ ਕੱਪ ਫਾਈਨਲ ਵਿੱਚ ਜੀਤੂ ਰਾਏ ਅਤੇ ਹਿਨਾ ਸਿੱਧੂ ਨੇ ਭਾਰਤ ਨੂੰ ਪਹਿਲਾ ਸੋਨ ਤਗ਼ਮਾ ਦਿਵਾ ਕੇ ਤਿਰੰਗੇ ਦਾ ਮਾਣ ਉੱਚਾ ਕਰ ਦਿੱਤਾ ਹੈ। ਦੋਵਾਂ ਨੇ ਦਸ ਮੀਟਰ ਏਅਰ ਪਿਸਟਲ ਮਿਸ਼ਰਤ ਟੀਮ ਵਰਗ ਵਿੱਚ ਬਾਜ਼ੀ ਮਾਰੀ। ਰਾਸ਼ਟਰ ਮੰਡਲ ਅਤੇ ਏਸ਼ਿਆਈ ਖੇਡਾਂ ਦੇ ਸੋਨ ਤਗ਼ਮਾ ਜੇਤੂ ਸਿੱਧੂ ਦਾ ਮਿਸ਼ਰਿਤ ਟੀਮ ਮੁਕਾਬਲੇ ਵਿੱਚ ਇਹ ਤੀਜਾ ਸੋਨ ਤਗ਼ਮਾ ਹੈ। ਆਈਐੱਸਐੱਸਐੱਫ ਵਿਸ਼ਵ ਕੱਪ ਵਿੱਚ ਪਹਿਲੀ ਵਾਰ ਅਧਿਕਾਰਤ ਤੌਰ ਉੱਤੇ ਮਿਸ਼ਰਤ ਟੀਮ ਮੁਕਾਬਲੇ ਨੂੰ ਸ਼ਾਮਲ ਕੀਤਾ ਗਿਆ ਹੈ।
ਦੋਨਾਂ ਨਿਸ਼ਾਨੇਬਾਜ਼ਾਂ ਨੇ ਫਾਈਨਲ ਵਿੱਚ 483.4 ਅੰਕ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਇਸ ਸਾਲ ਵਿਸ਼ਵ ਕੱਪ ਵਿੱਚ ਤਜਰਬੇ ਦੇ ਤੌਰ ਉੱਤੇ ਆਏ ਮਿਸ਼ਰਤ ਟੀਮ ਮੁਕਾਬਲੇ ਨੂੰ ਸ਼ਾਮਲ ਕੀਤਾ ਗਿਆ ਹੈ।
ਟੋਕੀਓ ਓਲੰਪਿਕ ਵਿੱਚ ਪਹਿਲੀ ਵਾਰ ਇਸ ਨੂੰ ਸ਼ਾਮਲ ਕੀਤਾ ਜਾਵੇਗਾ। ਰਾਏ ਅਤੇ ਹਿਨਾ ਕੁਆਲੀਫਾਈਂਗ ਗੇੜ   ਵਿੱਚ ਸ਼ਿਖਰ ਉੱਤੇ ਰਹਿ ਕੇ ਫਾਈਨਲ ਵਿੱਚ ਪੁੱਜੇ। ਉਨ੍ਹਾਂ ਨੇ ਫਰਾਂਸ ਦੇ ਗੋਬੇਰਵਿਲੈ ਅਤੇ ਫੋਕੇਤ ਨੂੰ ਹਰਾ ਕੇ   ਸੋਨ ਤਗ਼ਮਾ ਜਿੱਤਿਆ। ਫਰਾਂਸੀਸੀ  ਜੋੜੀ ਨੇ 481.1 ਅੰਕ ਹਾਸਲ ਕੀਤੇ। ਚੀਨ ਦੇ  ਕੇਈ ਅਤੇ ਯਾਂਗ ਨੂੰ ਕਾਂਸੀ ਦਾ ਤਗ਼ਮਾ ਮਿਲਿਆ, ਉਸ ਨੇ 418. 2 ਅੰਕ ਹਾਸਲ ਕੀਤੇ।