ਲੰਡਨ, ਲੰਮੀ ਦੂਰੀ ਦਾ ਭਾਰਤੀ ਦੌੜਾਕ ਗੋਵਿੰਦਨ ਲਕਸ਼ਮਣਨ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੀ 5000 ਮੀਟਰ ਦੌੜ ਵਿੱਚ ਸਰਵੋਤਮ ਪ੍ਰਦਰਸ਼ਨ ਵਿਖਾਉਣ ਦੇ ਬਾਵਜੂਦ ਫਾਈਨਲ ਲਈ ਕੁਆਲੀਫਾਈ ਕਰਨ ਤੋਂ ਖੁੰਝ ਗਿਆ। ਲਕਸ਼ਮਣਨ 39 ਦੌੜਾਕਾਂ ’ਚੋਂ 31ਵੇਂ ਸਥਾਨ ’ਤੇ ਰਿਹਾ। ਕਾਬਿਲੇਗੌਰ ਹੈ ਕਿ ਭੁਬਨੇਸ਼ਵਰ ਵਿੱਚ ਹੋਈ ਏਸ਼ਿਆਈ ਚੈਂਪੀਅਨਸ਼ਿਪ ਦੌਰਾਨ ਲਕਸ਼ਮਣਨ ਨੇ 5 ਹਜ਼ਾਰ ਤੇ 10 ਹਜ਼ਾਰ ਮੀਟਰ ਵਿੱਚ ਸੋਨ ਤਗ਼ਮੇ ਜਿੱਤੇ ਸਨ, ਪਰ ਅੱਜ ਵਿਸ਼ਵ ਚੈਂਪੀਅਨਸ਼ਿਪ ਦੌਰਾਨ ਉਹ 5 ਹਜ਼ਾਰ ਮੀਟਰ ਦੌੜ ਵਿੱਚ ਹੀ ਸ਼ਾਮਲ ਹੋਇਆ। 27 ਸਾਲਾ ਲਕਸ਼ਮਣਨ ਨੇ ਪਹਿਲੇ ਗੇੜ ਦੀ ਹੀਟ ਵਿੱਚ 13 ਮਿੰਟ 35.69 ਸਕਿੰਟ ਦਾ ਸਮਾਂ ਕੱਢਿਆ, ਜੋ ਕਿ ਦੌੜਾਕ ਦਾ ਨਿੱਜੀ ਸਰਵੋਤਮ ਪ੍ਰਦਰਸ਼ਨ ਹੈ, ਪਰ ਇਹ ਅੰਕੜੇ ਉਸ ਨੂੰ ਫਾਈਨਲ ’ਚ ਪਹੁੰਚਾਉਣ ਵਿੱਚ ਨਾਕਾਮ ਰਹੇ। ਉਂਜ ਹੀਟ ਵਿੱਚ ਸਾਬਕਾ ਚੈਂਪੀਅਨ ਤੇ ਘਰੇਲੂ ਖਿਡਾਰੀ ਮੋਅ ਫਰਾਹ ਵੀ ਸ਼ਾਮਲ ਸੀ। ਬਰਤਾਨਵੀ ਖਿਡਾਰੀ ਫਰਾਹ ਦੂਜੇ ਨੰਬਰ ’ਤੇ ਰਿਹਾ ਜਦਕਿ ਇਥੋਪੀਆ ਦੇ ਯੋਮਿਕ ਕੇਜੇਲਚਾ ਨੇ 13 ਮਿੰਟ 30.07 ਸਕਿੰਟ ਦੇ ਸਮੇਂ ਨਾਲ ਸਿਖਰਲਾ ਸਥਾਨ ਮੱਲਿਆ।
ਦੌੜ ਉਪਰੰਤ ਲਕਸ਼ਮਣਨ ਨੇ ਕਿਹਾ,‘ਇਹ ਮੇਰੀ ਪਲੇਠੀ ਵਿਸ਼ਵ ਚੈਂਪੀਅਨਸ਼ਿਪ ਹੈ ਤੇ ਮੇਰਾ ਇਰਾਦਾ ਕੌਮੀ ਰਿਕਾਰਡ ਤੋੜਨ ਦਾ ਸੀ। ਮੈਂ ਆਪਣੇ ਨਿੱਜੀ ਸਰਵੋਤਮ ਪ੍ਰਦਰਸ਼ਨ ਵਿੱਚ ਸੁਧਾਰ ਕੀਤਾ, ਪਰ ਮੈਨੂੰ ਦੁੱਖ ਹੈ ਕਿ ਮੈਂ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕਿਆ।’ ਯਾਦ ਰਹੇ ਕਿ ਚੈਂਪੀਅਨਸ਼ਿਪ ਵਿੱਚ ਹੁਣ ਤਕ ਕੋਈ ਵੀ ਭਾਰਤੀ ਖਿਡਾਰੀ ਕਿਸੇ ਮੁਕਾਬਲੇ ਦੇ ਫਾਈਨਲ ਤਕ ਪੁੱਜਣ ਵਿੱਚ ਨਾਕਾਮ ਰਿਹਾ ਹੈ। ਸਿਰਫ਼ ਨਿਰਮਲਾ ਸ਼ਿਓਰਣ 400 ਮੀਟਰ ਦੌੜ ਦੇ ਸੈਮੀ ਫਾਈਨਲ ਗੇੜ ਤਕ ਪੁੱਜੀ ਹੈ।