ਤਰਨ ਤਾਰਨ, ਸਾਬਕਾ ਅਕਾਲੀ ਵਿਧਾਇਕ ਪ੍ਰੋ. ਵਿਰਸਾ ਸਿੰਘ ਵਲਟੋਹਾ ਨੇ ਭਿੱਖੀਵਿੰਡ ਥਾਣੇ ਵਿੱਚ ਧਾਰਾ 189 ਤਹਿਤ ਦਰਜ ਮਾਮਲੇ ਵਿੱਚ ਅੱਜ ਇੱਥੇ ਵਧੀਕ ਚੀਫ਼ ਜੁਡੀਸ਼ਲ ਮੈਜਿਸਟਰੇਟ ਰਾਣਾ ਕੰਵਰਦੀਪ ਕੌਰ ਦੀ ਅਦਾਲਤ ਵਿੱਚ ਪੇਸ਼ੀ ਭੁਗਤੀ। ਅੱਜ ਵਿਰਸਾ ਸਿੰਘ ਖ਼ਿਲਾਫ਼ ਦੋਸ਼ ਆਇਦ ਕਰਨ ਸਬੰਧੀ ਬਹਿਸ ਕੀਤੀ ਜਾਣੀ ਸੀ, ਜਿਸ ਸਬੰਧੀ ਅਦਾਲਤ ਨੇ 19 ਸਤੰਬਰ ਦੀ ਤਰੀਕ ਨਿਸ਼ਚਿਤ ਕਰ ਦਿੱਤੀ ਹੈ| ਵਿਰਸਾ ਸਿੰਘ ਖ਼ਿਲਾਫ਼ ਇਹ ਕੇਸ ਹਲਕਾ ਖੇਮਕਰਨ ਦੇ ਕਾਂਗਰਸੀ ਆਗੂ ਤੇਜਪ੍ਰੀਤ ਸਿੰਘ ਪੀਟਰ ਨੇ ਦਰਜ ਕਰਾਇਆ ਸੀ, ਜਿਸ ਵਿੱਚ ਦੋਸ਼ ਲਾਇਆ ਸੀ ਕਿ ਵਿਰਸਾ ਸਿੰਘ ਨੇ ਅਕਾਲੀ ਦਲ ਵੱਲੋਂ ਡੀਸੀ ਦਫ਼ਤਰ ਅੱਗੇ ਦਿੱਤੇ ਧਰਨੇ ਮੌਕੇ ਡੀਸੀ ਸਮੇਤ ਪੁਲੀਸ ਅਧਿਕਾਰੀਆਂ ਖ਼ਿਲਾਫ਼ ਧਮਕੀ ਭਰੀ ਸ਼ਬਦਾਵਲੀ ਵਰਤੀ।