ਅੰਮ੍ਰਿਤਸਰ, ਹਿੰਦੂ ਸੰਘਰਸ਼ ਸੈਨਾ ਦੇ ਆਗੂ ਵਿਪਨ ਸ਼ਰਮਾ ਦੇ ਦਿਨ ਦਿਹਾੜੇ ਹੋਏ  ਕਤਲ ਦੇ ਮਾਮਲੇ ਵਿੱਚ 24 ਘੰਟੇ ਬੀਤਣ ਮਗਰੋਂ ਵੀ ਪੁਲੀਸ ਦੋਵਾਂ ਹਮਲਾਵਰਾਂ ਨੂੰ ਕਾਬੂ ਕਰਨ ਵਿੱਚ ਅਸਫਲ ਰਹੀ ਹੈ ਜਦੋਂਕਿ ਇਸ ਘਟਨਾ ਦੀ ਵੀਡੀਓ ਮੌਕੇ ’ਤੇ ਹੀ ਵਾਇਰਲ ਹੋ ਗਈ ਸੀ। ਵੀਡੀਓ ਵਿੱਚ ਇੱਕ ਹਮਲਾਵਰ ਦਾ ਚਿਹਰਾ ਸਪੱਸ਼ਟ ਦਿਖਾਈ ਦੇ ਰਿਹਾ ਸੀ। ਇਸੇ ਦੌਰਾਨ ਅੱਜ ਪਰਿਵਾਰ, ਸਮਰਥਕਾਂ ਅਤੇ ਹਿੰਦੂ ਜਥੇਬੰਦੀਆਂ ਵੱਲੋਂ ਵਿਪਨ ਸ਼ਰਮਾ ਦੀ ਲਾਸ਼ ਸੜਕ ’ਤੇ ਰੱਖ ਕੇ ਰੋਸ ਵਿਖਾਵਾ ਕੀਤਾ ਗਿਆ। ਵਿਖਾਵਾਕਾਰੀਆਂ ਨੇ ਸੜਕੀ ਤੇ ਰੇਲ ਆਵਾਜਾਈ ਵੀ ਰੋਕੀ। ਇਸ ਦੌਰਾਨ ਸ਼ਹਿਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਲਈ ਵੱਡੀ    ਗਿਣਤੀ ਵਿੱਚ ਪੁਲੀਸ ਤਾਇਨਾਤ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਬਾਅਦ ਦੁਪਹਿਰ ਬਟਾਲਾ ਰੋਡ ਸਥਿਤ ਭਾਰਤ ਨਗਰ ਵਿੱਚ ਹਿੰਦੂ ਸੰਘਰਸ਼ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਵਿਪਨ ਸ਼ਰਮਾ ਨੂੰ ਦਿਨ ਦਿਹਾੜੇ ਦੋ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਸੀ। ਪੁਲੀਸ ਦੇ ਡਾਇਰੈਕਟਰ ਜਨਰਲ (ਲਾਅ ਐਂਡ ਆਰਡਰ) ਐਚ.ਐਸ. ਢਿੱਲੋਂ ਨੇ ਅੱਜ ਸ਼ਹਿਰ ਦਾ ਦੌਰਾ ਕਰਦਿਆਂ ਘਟਨਾ ਦੀ ਜਾਂਚ ਸਬੰਧੀ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ। ਉਨ੍ਹਾਂ ਜਾਂਚ ਲਈ ਵਿਸ਼ੇਸ਼ ਟੀਮ ਬਣਾਈ ਹੈ, ਜਿਸ ਦੀ ਅਗਵਾਈ ਪੁਲੀਸ ਦੇ ਡਿਪਟੀ ਕਮਿਸ਼ਨਰ (ਜਾਂਚ) ਜਗਮੋਹਨ ਸਿੰਘ ਕਰਨਗੇ। ਪੁਲੀਸ ਕਮਿਸ਼ਨਰ ਐਸ.ਐਸ. ਸ੍ਰੀਵਾਸਤਵਾ ਨੇ ਦੱਸਿਆ ਕਿ ਹਮਲਾਵਰਾਂ ਦੀ ਫਿਲਹਾਲ ਗ੍ਰਿਫ਼ਤਾਰੀ ਨਹੀਂ ਹੋ ਸਕੀ ਪਰ ਪੁਲੀਸ ਨੇ ਕੁਝ ਸ਼ੱਕੀ ਵਿਅਕਤੀਆਂ ਨੂੰ ਪੁੱਛ-ਪੜਤਾਲ ਲਈ ਹਿਰਾਸਤ ਵਿੱਚ ਲਿਆ ਹੈ। ਪੁਲੀਸ ਵੱਲੋਂ ਘਟਨਾ ਪਿੱਛੇ ਅਤਿਵਾਦੀਆਂ ਦਾ ਹੱਥ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਗਿਆ ਹੈ। ਨਾਲ ਹੀ ਗੈਂਗਸਟਰਾਂ ਦੀ ਸ਼ਮੂਲੀਅਤ ਨੂੰ ਵੀ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ।
ਹਿੰਦੂ ਜਥੇਬੰਦੀਆਂ ਵੱਲੋਂ ਇਸ ਹੱਤਿਆ ਖ਼ਿਲਾਫ਼ ਰੋਸ ਵਜੋਂ ਅੱਜ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਨੂੰ ਸ਼ਹਿਰ ਵਿੱਚ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ ਹੈ। ਕਈ ਥਾਵਾਂ ’ਤੇ ਜਬਰੀ ਦੁਕਾਨਾਂ ਬੰਦ ਕਰਾਈਆਂ ਗਈਆਂ। ਪੁਲੀਸ ਵੱਲੋਂ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਟਾਲਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਇਸ ਦੌਰਾਨ ਪਰਿਵਾਰਕ ਮੈਂਬਰਾਂ, ਸਮਰਥਕਾਂ ਤੇ ਹਿੰਦੂ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ ਲਾਸ਼ ਨੂੰ ਸੜਕ ’ਤੇ ਰੱਖ ਕੇ ਭੰਡਾਰੀ ਪੁਲ ’ਤੇ ਰੋਸ ਵਿਖਾਵਾ ਕੀਤਾ ਗਿਆ। ਵਿਖਾਵਾਕਾਰੀ ਮੰਗ ਕਰ ਰਹੇ ਸਨ ਕਿ ਸਰਕਾਰ ਪੀੜਤ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ ਦੇਵੇ ਅਤੇ ਮ੍ਰਿਤਕ ਦੇ ਦੋਵਾਂ ਬੱਚਿਆਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਸ਼ਾਮ ਵੇਲੇ ਪੁਲੀਸ ਅਧਿਕਾਰੀਆਂ ਵੱਲੋਂ ਮੰਗਾਂ ਮੰਨੇ ਜਾਣ ਦਾ ਭਰੋਸਾ ਦਿੱਤੇ ਜਾਣ ਮਗਰੋਂ ਲਾਸ਼ ਦਾ ਸਸਕਾਰ ਕੀਤਾ ਗਿਆ। ਇਸ ਦੌਰਾਨ ਵਿਖਾਵਾਕਾਰੀਆਂ ਨੇ ਸੜਕੀ ਤੇ ਰੇਲ ਆਵਾਜਾਈ ਠੱਪ ਕੀਤੀ। ਵਿਖਾਵਾਕਾਰੀਆਂ ਨੇ ਇੱਕ ਰੇਲ ’ਤੇ ਪੱਥਰ ਵੀ ਮਾਰੇ, ਜਿਸ ਨਾਲ ਰੇਲਗੱਡੀ ਦੇ ਸ਼ੀਸ਼ੇ ਟੁੱਟ ਗਏ। ਸੜਕੀ ਆਵਾਜਾਈ ਰੋਕੇ ਜਾਣ ਕਾਰਨ ਸ਼ਹਿਰ ਵਿੱਚ ਵਧੇਰੇ ਇਲਾਕੇ ਵਿੱਚ ਟਰੈਫਿਕ ਦਾ ਮਾੜਾ ਹਾਲ ਰਿਹਾ। ਰੇਲ ਆਵਾਜਾਈ ਪ੍ਰਭਾਵਿਤ ਹੋਣ ਨਾਲ ਯਾਤਰੂਆਂ ਨੂੰ ਪ੍ਰੇਸ਼ਾਨੀ ਹੋਈ।

ਸੋਸ਼ਲ ਮੀਡੀਆ ’ਤੇ ਗੈਂਗਸਟਰ ਦੀ ਫੋਟੋ ਹੋਈ ਵਾਇਰਲ

ਵਾਇਰਲ ਹੋਈ ਵੀਡਿਓ ਵਿੱਚ ਦਿਖਾਈ ਦੇ ਰਹੀ ਹਮਲਾਵਰ ਦੀ ਫੋਟੋ  ਦੇ ਨਾਲ ਹੀ ਅੱਜ ਇੱਕ ਗੈਂਗਸਟਰ ਦੀ ਫੋਟੋ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਇਹ ਫੋਟੋ ਗੈਂਗਸਟਰ ਸਰਾਜ ਸਿੰਘ ਮਿੰਟੂ ਦੀ ਹੈ। ਪੁਲੀਸ ਦੇ ਡਿਪਟੀ ਕਮਿਸ਼ਨਰ ਅਮਰੀਕ ਸਿੰਘ ਪਵਾਰ ਨੇ ਆਖਿਆ ਕਿ ਇਸ ਫੋਟੋ ਨੂੰ ਪ੍ਰਯੋਗਸ਼ਾਲਾ ਵਿੱਚ ਜਾਂਚ ਲਈ ਭੇਜਿਆ ਗਿਆ ਹੈ ਤਾਂ ਜੋ ਹਮਲਾਵਰ ਅਤੇ ਗੈਂਗਸਟਰ ਦੀ ਫੋਟੋ ਦੀ ਵੱਖ-ਵੱਖ ਕੋਨਾਂ ਤੋਂ ਜਾਂਚ ਕੀਤੀ ਜਾ ਸਕੇ। ਪੁਲੀਸ ਸੂਤਰਾਂ ਮੁਤਾਬਕ ਸਰਾਜ ਸਿੰਘ ਭਿੱਖੀਵਿੰਡ ਇਲਾਕੇ ਦਾ ਰਹਿਣ ਵਾਲਾ ਹੈ ਅਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਬੌਬੀ ਮਲਹੋਤਰਾ ਦਾ ਸਾਥੀ ਹੈ, ਜਿਸ ਨੂੰ ਪੁਲੀਸ ਵੱਲੋਂ ਗ੍ਰਿਫ਼ਤਾਰ ਕਰਨ ਲਈ ਯਤਨ ਜਾਰੀ ਹਨ। ਓਧਰ, ਵਿਪਨ ਕੁਮਾਰ ਦੀ ਪੋਸਟਮਾਰਟਮ ਦੀ ਰਿਪੋਰਟ ਤੋਂ ਖੁਲਾਸਾ ਹੋਇਆ ਹੈ ਕਿ ਉਸ ਨੂੰ ਦਸ ਗੋਲੀਆਂ ਲੱਗੀਆਂ ਸਨ।