ਚੰਡੀਗੜ੍ਹ, 14 ਨਵੰਬਰ
ਪੰਜਾਬ ਪੁਲੀਸ ਦਾ ਮੰਨਣਾ ਹੈ ਕਿ ਵਿਦੇਸ਼ ਜਾਣ ਦੀ ਤਾਂਘ ਕਾਰਨ ਸੂਬੇ ਦੇ ਨੌਜਵਾਨ ਸੰਗੀਨ ਅਪਰਾਧਾਂ ਵਿੱਚ ਹੀ ਨਹੀਂ ਫਸ ਰਹੇ ਸਗੋਂ ਗਰਮ ਦਲੀਆਂ ਦੇ ਜਾਲ ’ਚ ਵੀ ਫਸ ਰਹੇ ਹਨ। ਪੁਲੀਸ ਵੱਲੋਂ ਹਿੰਦੂ ਜਥੇਬੰਦੀਆਂ ਦੇ ਆਗੂਆਂ ਦੇ ਕਤਲਾਂ ਦੇ ਮਾਮਲੇ ’ਚ ਗ੍ਰਿਫ਼ਤਾਰ ਨੌਜਵਾਨਾਂ ਦੀ ਕਹਾਣੀ ਵੀ ਕੁਝ ਇਸੇ ਤਰ੍ਹਾਂ ਦੇ ਹਾਲਾਤ ਬਿਆਨ ਕਰਦੀ ਹੈ। ਤਫ਼ਤੀਸ਼ ਨਾਲ ਜੁੜੇ ਪੁਲੀਸ ਅਫ਼ਸਰਾਂ ਦਾ ਕਹਿਣਾ ਹੈ ਕਿ ਵਿਦੇਸ਼ ਜਾ ਕੇ ਡਾਲਰ ਕਮਾਉਣ ਦੀ ਚਾਹ ਪੰਜਾਬ ਦੇ ਨੌਜਵਾਨਾਂ ਲਈ ਮਾਰੂ ਸਾਬਤ ਹੋ ਰਹੀ ਹੈ। ਵਿਦੇਸ਼ਾਂ ’ਚ ਬੈਠੇ ਗਰਮਦਲੀਆਂ ਲਈ ਸੋਸ਼ਲ ਮੀਡੀਆ ਇਨ੍ਹਾਂ ਨੌਜਵਾਨਾਂ ਨਾਲ ਸੰਪਰਕ ਸਥਾਪਤ ਕਰਨ ’ਚ ਸਹਾਈ ਸਿੱਧ ਹੋ ਰਿਹਾ ਹੈ। ਪੁਲੀਸ ਨੇ ‘ਫੇਸਬੁੱਕ’ ਖਾਤਿਆਂ ਦਾ ਵੀ ਲਗਾਤਾਰ ਨਿਰੀਖਣ ਕਰਨਾ ਸ਼ੁਰੂ ਕਰ ਦਿੱਤਾ ਹੈ।
ਪੁਲੀਸ ਅਫ਼ਸਰਾਂ ਦਾ ਕਹਿਣਾ ਹੈ ਕਿ ਬਹੁਤ ਥੋੜ੍ਹੇ ਪੈਸੇ ਅਤੇ ਕਿਸੇ ਨੇੜਲੇ ਮੁਲਕ ਦੀ ਸੈਰ ਵੀ ਨੌਜਵਾਨਾਂ ਨੂੰ ਆਕਰਸ਼ਿਤ ਕਰ ਰਹੀ ਹੈ। ਤਫ਼ਤੀਸ਼ੀ ਅਫ਼ਸਰਾਂ ਦਾ ਮੰਨਣਾ ਹੈ ਕਿ ਪਿਛਲੇ ਡੇਢ ਕੁ ਸਾਲ ਵਿੱਚ ਹੋਈਆਂ ਕਤਲ ਦੀਆਂ ਵਾਰਦਾਤਾਂ ਲਈ ਮੁੱਖ ਤੌਰ ’ਤੇ ਇੰਗਲੈਂਡ ਅਤੇ ਇਟਲੀ ਤੋਂ 50 ਲੱਖ ਰੁਪਏ ਦੇ ਕਰੀਬ ਦੀ ਰਾਸ਼ੀ ਹਵਾਲਾ ਜ਼ਰੀਏ ਆਈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਨੌਜਵਾਨ ਵਿਦੇਸ਼ਾਂ  ਵਿੱਚ ਪੜ੍ਹਾਈ ਲਈ ਵੀਜ਼ੇ ਹਾਸਲ ਕਰ ਕੇ ਜਾ ਰਹੇ ਹਨ।
ਇਹ ਗੱਲ ਜੱਗ ਜ਼ਾਹਰ ਹੈ ਕਿ ਜਿਹੜੇ ਨੌਜਵਾਨ ਪੜ੍ਹਾਈ ਲਈ ਵੀਜ਼ੇ ਰਾਹੀਂ ਵਿਦੇਸ਼ ਪੁੱਜਣ ਦੇ ਸਮਰੱਥ ਨਹੀਂ, ਉਹ ਕੋਈ ਵੀ ਹੀਲਾ ਵਰਤ ਕੇ ਪੰਜਾਬ ਛੱਡਣ ਲਈ ਕਾਹਲੇ ਹਨ।
ਤਫ਼ਤੀਸ਼ ਨਾਲ ਜੁੜੇ ਪੁਲੀਸ ਅਫ਼ਸਰਾਂ ਮੁਤਾਬਕ ਹਿੰਦੂ ਜਥੇਬੰਦੀਆਂ ਦੇ ਆਗੂਆਂ ਸਮੇਤ 1984 ਦੇ ਸਿੱਖ ਕਤਲੇਆਮ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਕਾਂਗਰਸੀ ਆਗੂ ਸੱਜਣ ਕੁਮਾਰ ਵੀ ਇਨ੍ਹਾਂ ਨੌਜਵਾਨਾਂ ਦੀ ਹਿੱਟ ਲਿਸਟ ’ਤੇ ਸੀ। ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਦੇ ਗ਼ੈਰਕਾਨੂੰਨੀ ਤਰੀਕਿਆਂ ਰਾਹੀਂ ਵਿਦੇਸ਼ ਜਾਣ ਸਬੰਧੀ ਸੰਯੁਕਤ ਰਾਸ਼ਟਰ ਦੀ ਸੰਸਥਾ ‘ਯੁੂਨਾਈਟਿਡ ਨੇਸ਼ਨ ਆਫਿਸ ਆਨ ਡਰੱਗਜ਼ ਐਂਡ ਕਰਾਈਮ’ (ਯੂ.ਐਨ.ਓ.ਡੀ.ਸੀ.) ਵੱਲੋਂ ਪੰਜਾਬ ਸਬੰਧੀ ਪਿਛਲੇ ਸਮੇਂ ਦੌਰਾਨ ਕਰਾਏ ਇੱਕ ਵਿਸ਼ੇਸ਼ ਅਧਿਐਨ ਦੇ ਨਤੀਜੇ ਚਿੰਤਾ ਦਾ ਵਿਸ਼ਾ ਹਨ। ਇਸ ਅਧਿਐਨ ਮੁਤਾਬਕ ਪੰਜਾਬ ਵਿੱਚੋਂ ਹਰ ਸਾਲ 20,000 ਤੋਂ ਵਧੇਰੇ ਨੌਜਵਾਨ ਗ਼ੈਰਕਾਨੂੰਨੀ ਤਰੀਕਿਆਂ ਰਾਹੀਂ ਵਿਦੇਸ਼ਾਂ ਨੂੰ ਜਾਂਦੇ ਹਨ। ਯੂਰੋਪੀ ਮੁਲਕਾਂ ਵਿੱਚ ਜਾਣ ਲਈ ਪੰਜਾਬੀ ਆਪਣੀ ਜਾਨ ਵੀ ਦਾਅ ’ਤੇ ਲਾ ਦਿੰਦੇ ਹਨ। ਵਿਦੇਸ਼ ਜਾਣ ਲਈ ਹਰ ਤਰ੍ਹਾਂ ਦਾ ਗੈਰਕਾਨੂੰਨੀ ਢੰਗ ਅਪਨਾਉਣ ਵਾਲਿਆਂ ਵਿੱਚੋਂ ਜ਼ਿਆਦਾਤ ਇੰਗਲੈਂਡ ਜਾਂਦੇ ਹਨ। ਯੂ.ਐਨ.ਓ.ਡੀ.ਸੀ. ਮੁਤਾਬਕ ਕੈਨੇਡਾ ਤੇ ਅਮਰੀਕਾ ਜਾਣ ਲਈ ਪੰਜਾਬੀ ਨੌਜਵਾਨ 20 ਲੱਖ ਰੁਪਏ ਤੱਕ ਲੁਟਾ ਦਿੰਦੇ ਹਨ।
ਯੂਰੋਪੀ ਮੁਲਕਾਂ ਫਰਾਂਸ, ਇਟਲੀ, ਜਰਮਨੀ, ਆਸਟਰੀਆ, ਸਪੇਨ, ਬੈਲਜੀਅਮ, ਨਾਰਵੇ, ਸਵਿਟਜ਼ਰਲੈਂਡ, ਪੋਲੈਂਡ, ਹੰਗਰੀ, ਫਿਨਲੈਂਡ, ਹਾਲੈਂਡ, ਬੋਸਨੀਆ, ਸਵੀਡਨ, ਯੂਨਾਨ, ਚੈੱਕ ਗਣਰਾਜ ਆਦਿ ਲਈ 6 ਤੋਂ 12 ਲੱਖ ਅਤੇ ਇੰਗਲੈਂਡ ਲਈ 9 ਤੋਂ 12 ਲੱਖ ਤੱਕ ਟਰੈਵਲ ਏਜੰਟਾਂ ਨੂੰ ਦਿੰਦੇ ਹਨ। ਇਹੀ ਕਾਰਨ ਹੈ ਕਿ ਨੌਜਵਾਨ ਅਪਰਾਧਾਂ ਦੀ ਦਲਦਲ ’ਚ ਫਸ ਕੇ ਵੀ ਵਿਦੇਸ਼ ਜਾਣ ਦੇ ਚਾਹਵਾਨ ਹਨ। ਇਹ ਅੰਕੜੇ ਉਦੋਂ ਦੇ ਹਨ,  ਜਦੋਂ ਸੋਸ਼ਲ ਮੀਡੀਆ ਦਾ ਰੁਝਾਨ ਨਹੀਂ ਵਧਿਆ ਸੀ।

ਗਰਮਖ਼ਿਆਲੀਆਂ ਲਈ ਸਹਾਈ ਸਿੱਧ ਹੋ ਰਿਹੈ ਸੋਸ਼ਲ ਮੀਡੀਆ 
ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਨੇ ਖ਼ਾਲਿਸਤਾਨ ਪੱਖੀ ਜਥੇਬੰਦੀਆਂ ਲਈ ਪੰਜਾਬ ’ਚੋਂ ਨਵੀਂ ਪਨੀਰੀ ਮੁਹੱਈਆ ਕਰਵਾਉਣ ਦਾ ਰਾਹ ਪੱਧਰਾ ਕੀਤਾ ਹੈ। ਨੌਜਵਾਨਾਂ ਨੂੰ ਵਿਦੇਸ਼ਾਂ ’ਚ ਸੈੱਟ ਕਰਵਾਉਣ ਦਾ ਭਰੋਸਾ ਦਿੱਤਾ ਜਾਂਦਾ ਹੈ ਤੇ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨ ਇੱਕ ਤੋਂ ਬਾਅਦ ਇੱਕ ਸੰਗੀਨ ਅਪਰਾਧ ’ਚ ਫਸ ਜਾਂਦੇ ਹਨ। ਇਸ ਜਾਲ ਵਿੱਚ ਵੀ ਉਸੇ ਉਮਰ ਦੇ ਨੌਜਵਾਨ ਫਸ ਰਹੇ ਹਨ, ਜਿਨ੍ਹਾਂ ਨੇ ਅਤਿਵਾਦ ਦਾ ਦੌਰ ਨਹੀਂ ਦੇਖਿਆ। ਹਿੰਦੂ ਆਗੂਆਂ ਦੇ ਕਤਲਾਂ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਨੌਜਵਾਨ ਰਮਨਦੀਪ ਸਿੰਘ ਦਾ ਮਾਮਲਾ ਵੀ ਕੁੱਝ ਇਸੇ ਤਰ੍ਹਾਂ ਦਾ ਹੈ। ਪੁਲੀਸ ਮੁਤਾਬਕ ਇਸ ਨੌਜਵਾਨ ਨੂੰ ਦੁਬਈ ਆਦਿ ਦੀ ਸੈਰ ਕਰਵਾ ਕੇ ਪ੍ਰਭਾਵਿਤ ਕੀਤਾ ਗਿਆ ਸੀ।