ਚੰਡੀਗੜ੍ਹ,8 ਸਤੰਬਰ ,ਪੰਜਾਬ ਯੂਨੀਵਰਸਿਟੀ ਸਟੂਡੈਂਟਸ ਕੌਂਸਲ ਦੀ ਚੋਣ ਵਿੱਚ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (ਐਨਐਸਯੂਆਈ) ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਯੂਨੀਅਨ ਨੇ ਕੌਂਸਲ ਦੀਆਂ ਚਾਰ ਵਿਚੋਂ ਤਿੰਨ ਅਹੁਦਿਆਂ  ’ਤੇ ਕਬਜ਼ਾ ਕੀਤਾ ਹੈ। ਐਨਐਸਯੂਆਈ ਨੇ ਦੋ ਸਾਲਾਂ ਬਾਅਦ ਯੂਨੀਵਰਸਿਟੀ ’ਚ ਜਿੱਤ ਦਾ ਝੰਡਾ ਲਹਿਰਾਇਆ ਹੈ। ਸਟੂਡੈਂਟਸ ਫ਼ਾਰ ਸੁਸਾਇਟੀ (ਐਸਐਫ਼ਐਸ) ਦਾ ਕੌਂਸਲ ’ਹਥਿਆ’ ਲੈਣ ਦਾ ਸੁਪਨਾ ਧਰਿਆ ਧਰਾਇਆ ਰਹਿ ਗਿਆ ਹੈ ਅਤੇ ਦੂਜੇ ਸਥਾਨ ਨਾਲ ਸਬਰ ਕਰਨਾ ਪਿਆ। ਐਨਐਸਯੂਆਈ ਦੇ ਜਸ਼ਨ ਕੰਬੋਜ ਆਪਣੀ ਨੇੜਲੀ ਵਿਰੋਧਣ ਅਤੇ ਐਸਐਫਐਸ ਦੀ ਹਸਨਪ੍ਰੀਤ ਕੌਰ ਨੂੰ ਹਰਾ ਕੇ ਪ੍ਰਧਾਨ ਦੀ ਚੋਣ ਜਿੱਤੇ। ਇਸ ਦੇ ਨਾਲ ਹੀ ਮਹਿਲਾ ਦੇ ਸਿਰ ਪ੍ਰਧਾਨਗੀ ਦਾ ਤਾਜ ਨਾ ਸਜ ਸਕਣ ਦਾ ਰਿਕਾਰਡ ਵੀ ਕਾਇਮ ਰਹਿ ਗਿਆ ਹੈ। ਜਸ਼ਨ ਕੰਬੋਜ ਨੂੰ 2801   ਅਤੇ ਹਸਨਪ੍ਰੀਤ ਕੌਰ ਨੂੰ 2120    ਵੋਟ ਮਿਲੇ। ਇਸ ਵਾਰ ਨੋਟਾ ਵੀ ਵਿਦਿਆਰਥੀਆਂ ਦੀ ਪਸੰਦ ਬਣਿਆ ਹੈ।  1791 ਨੇ ਨੋਟਾ ਦਾ ਇਸਤੇਮਾਲ ਕੀਤਾ।
ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਪੁਸੂ) ਵਲੋਂ ਪ੍ਰਧਾਨ ਦੇ ਉਮੀਦਵਾਰ ਕੁਲਦੀਪ ਸਿੰਘ ਨੂੰ ਤੀਜਾ ਅਤੇ ਚੌਥੇ ਥਾਂ ’ਤੇ ਰਹੇ ਸੋਈ ਦੇ ਉਮੀਦਵਾਰ ਕੁਲਦੀਪ ਸਿੰਘ ਨੂੰ 1692 ਵੋਟ ਮਿਲੇ।   ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ  ਪ੍ਰਧਾਨ ਦੇ ਉਮੀਦਵਾਰ ਅਵਿਨਾਸ਼ ਪਾਂਡੇ ਦੀ ਝੋਲੀ ਸਿਰਫ਼ 1522 ਵੋਟਾਂ ਹੀ ਪਈਆਂ। ਮੀਤ ਪ੍ਰਧਾਨ ਦਾ ਅਹੁਦਾ ਐਨਐਸਯੂਆਈ ਦੇ ਕਰਨਵੀਰ ਸਿੰਘ ਨੇ ਜਿੱਤ ਲਿਆ। ਪੁਸੂ ਦੀ ਨਿਧੀ ਲਾਂਬਾ ਨੂੰ ਦੂਜਾ, ਐਸਐਫਐਸ ਦੇ ਸ਼ਿਵ ਸੌਰਭ ਨੂੰ ਤੀਜਾ ਸਥਾਨ ਮਿਲਿਆ। ਸੋਈ ਦੀ ਤਨਵੀ ਨੂੰ ਚੌਥੇ ਥਾਂ ਨਾਲ ਸਬਰ ਕਰਨਾ ਪਿਆ। ਸਕੱਤਰ ਦਾ ਅਹਿਮ ਅਹੁਦਾ ਐਨਐਸਯੂਆਈ ਦੀ ਵਾਨੀ ਸੂਦ ਨੇ 2965 ਵੋਟਾਂ ਨਾਲ ਜਿੱਤਿਆ। ਪੁਸੂ ਦੇ ਸੂਰਜ ਦਹੀਆ ਦੂਜੇ ਅਤੇ ਐਸਐਫਐਸ ਦਾ ਰਣਜੀਤ ਸਿੰਘ ਤੀਜੇ  ਅਤੇ ਸੋਈ ਦੇ ਰਵਿੰਦਰ ਸਿੰਘ  ਨੂੰ ਚੌਥਾ ਸਥਾਨ ਮਿਲਿਆ। ਇੰਡੀਅਨ ਨੈਸ਼ਨਲ ਸਟੂਡੈਂਟਸ ਆਰਗੇਨਾਈਜੇਸ਼ਨ ਦੀ ਸਕੱਤਰ ਦੀ ਉਮੀਦਵਾਰ ਸ਼ਿਵਾਲਿਨੀ ਸਿੰਘ ਨੂੰ ਕੇਵਲ  783 ਵੋਟ ਹੀ ਮਿਲੇ।  ਸੰਯੁਕਤ ਸਕੱਤਰ ਦਾ ਅਹੁਦਾ ਪੁਸੂ ਦੇ ਕਰਨਬੀਰ ਸਿੰਘ ਰੰਧਾਵਾ  ਦੀ ਝੋਲੀ ਪਿਆ।  ਉਸ ਨੇ 3153 ਰਿਕਾਰਡ ਵੋਟ ਲਏ ਹਨ, ਜਦੋਂ ਕਿ ਕਰਨ ਗੋਇਲ ਦੂਜੇ ਸਥਾਨ ’ਤੇ ਰਿਹਾ। ਐਨਐਸਯੂਆਈ ਦੇ ਲੀਜ਼ਾ ਸਿੰਘ ਨੂੰ ਤੀਜਾ ਅਤੇ ਸੋਈ ਦਾ ਸੁਹੇਲ ਜੈਨ ਸੱਭ ਤੋਂ ਆਖ਼ਰੀ ਥਾਂ ’ਤੇ ਰਿਹਾ। ਵਿਭਾਗੀ ਪ੍ਰਤੀਨਿਧੀਆਂ ਦੇ ਨਤੀਜੇ ਵੀ ਐਨਐਸਯੂਆਈ ਦੇ ਹੱਕ ’ਚ ਹੀ ਰਹੇ ਹਨ।

ਸਾਲ 2016 ਦੀ ਕੌਂਸਲ ਦੀ ਚੋਣ ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਨੇ ਜਿੱਤੀ ਸੀ, ਜਦੋਂ ਕਿ ਉਸ ਤੋਂ ਇੱਕ ਸਾਲ ਪਹਿਲਾਂ ਨਤੀਜਾ ਸਟੂਡੈਂਟਸ ਆਰਗੇਨਾਈਜੇਸ਼ਨ ਆਫ਼ ਇੰਡੀਆ ਦੇ ਹੱਕ ’ਚ ਰਿਹਾ ਸੀ। ਸਾਲ 2013 ਅਤੇ 2014 ਲਗਤਾਰ ਦੋ ਸਾਲਾਂ ਲਈ ਐਨਐਸਯੂੂਆਈ ਨੇ ਕੌਂਸਲ ’ਤੇ ਕਬਜ਼ਾ ਕਰੀ ਰੱਖਿਆ ਸੀ। ਐਨਐਸਯੂੂਆਈ 2015 ’ਚ ਤੀਜੇ ਅਤੇ 2016 ’ਚ ਚੌਥੇ ਥਾਂ ’ਤੇ ਰਹੀ ਸੀ।  ਉਸ ਤੋਂ ਪਹਿਲਾਂ ਪੁਸੂ ਅਤੇ ਸੋਪੂ ਬਦਲ ਬਦਲ ਕੇ ਰਾਜ ਕਰਦੀ ਰਹੀ ਹੈ। ਐਨਐਸਯੂਆਈ, ਆਲ ਇੰਡੀਆ ਕਾਂਗਰਸ ਦਾ ਵਿਦਿਆਰਥੀ ਵਿੰਗ ਹੈ। ਐਸਐਫਐਸ ਦੀ ਵੋਟਾਂ ਦੀ ਗਿਣਤੀ ਸ਼ੁਰੂ ਕਰਨ ਵੇਲੇ ਲੀਫ ਬਣੀ ਸੀ ਪਰ ਬਾਅਦ ’ਚ ਇੱਕ ਵਾਰ ਐਸੀ ਪੱਛੜੀ ਕੇ ਅੰਤ ਤਕ ਪਛੜ ਕੇ ਰਹਿ ਗਈ ਹੈ।
ਚੋਣ ਮੈਦਾਨ  ਵਿੱਚ 35 ਉਮੀਦਵਾਰ ਨਿੱਤਰੇ ਸਨ। ਇਸ ਵਾਰ ਵੋਟਰਾਂ ਦੀ ਗਿਣਤੀ 15,695 ਸੀ ਅਤੇ ਇਨ੍ਹਾਂ ਵਿਚੋਂ 62 ਫ਼ੀਸਦ ਨੇ ਆਪਣੇ ਹੱਕ ਦਾ ਇਸਤੇਮਾਲ ਕੀਤਾ। ਅੱਜ ਵੋਟਾਂ ਦੌਰਾਨ ਪੂਰੀ ਤਰ੍ਹਾਂ ਅਮਨ ਸ਼ਾਂਤੀ ਰਹੀ। ਪੰਜਾਬ ਕਾਂਗਰਸ ਦੇ ਦੋ ਵਿਧਾਇਕ ਪੂਰਾ ਦਿਨ ਕੈਂਪਸ ਵਿੱਚ ਡੇਰੇ ਲਾਈ ਬੈਠੇ ਰਹੇ।
ਪੁਸੂ ਦਾ ਜੇਤੂ ਸੰਯੁਕਤ ਸਕੱਤਰ ਵਿਧਾਨ ਸਭਾ ਹਲਕਾ ਧੁੂਰੀ ਤੋਂ ਵਿਧਾਇਕ ਅਤੇ ਸਾਬਕਾ ਵਿਦਿਆਰਥੀ ਨੇਤਾ ਦਲਬੀਰ ਗੋਲਡੀ ਦਾ ਭਾਣਜਾ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਵੇਰ ਵੇਲੇ ਕਈ ਬਾਹਰਲੇ ਬੰਦਿਆਂ ਨੇ ਕੈਂਪਸ ਵਿੱਚ ਵੜ੍ਹਣ ਦੀ ਕੋਸ਼ਿਸ਼ਿ    ਕੀਤੀ ਪਰ ਪੁਲੀਸ ਨੇ ਉਨ੍ਹਾਂ ਨੂੰ ਥਾਣੇ   ਡੱਕ ਦਿੱਤਾ।