ਚੰਡੀਗੜ੍ਹ, 30 ਨਵੰਬਰ
ਪੰਜਾਬ ਦੀ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਅਗਲੇ ਅਕਾਦਮਿਕ ਸੈਸ਼ਨ ਤੋਂ ਪਹਿਲਾਂ 28 ਫਰਵਰੀ 2018 ਤੱਕ ਕਿਤਾਬਾਂ ਅਤੇ ਵਰਦੀਆਂ ਮਿਲ ਜਾਣਗੀਆਂ।
ਸਿੱਖਿਆ ਮੰਤਰੀ ਨੇ ਸੈਸ਼ਨ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ (ਸੋਧਨਾ) 2017 ਬਿੱਲ ਉੱਤੇ ਬਹਿਸ ਮੌਕੇ ਕਈ ਵਿਧਾਇਕਾਂ ਵੱਲੋਂ ਉਠਾਏ ਸ਼ੰਕਿਆਂ ਨੂੰ ਦੂਰ ਕਰਨ ਲਈ ਇਹ ਗੱਲ ਆਖੀ। ਮੰਤਰੀ ਨੇ ਵਿਧਾਇਕਾਂ ਵੱਲੋਂ ਪ੍ਰਾਈਵੇਟ ਸਕੂਲਾਂ ਦੀਆਂ ਮਨਮਾਨੀਆਂ ਸਬੰਧੀ ਉਠਾਏ ਮੁੱਦੇ ਦਾ ਜਵਾਬ ਦਿੰਦਿਆਂ ਕਿਹਾ ਕਿ ਰੈਗੂਲੇਟਰੀ ਅਥਾਰਟੀ ਆਪਣਾ ਕੰਮ ਕਰ ਰਹੀ ਹੈ। ਜੇਕਰ ਕੋਈ ਵੀ ਸਕੂਲ 8 ਫੀਸਦ ਤੋਂ ਵੱਧ ਫੀਸਾਂ ਵਿੱਚ ਵਾਧਾ ਕਰਦਾ ਹੈ ਤਾਂ ਮਾਪੇ ਜਾਂ ਵਿਦਿਆਰਥੀ ਡਿਵੀਜ਼ਨ ਪੱਧਰ ’ਤੇ ਕਮਿਸ਼ਨਰ ਕੋਲ ਸ਼ਿਕਾਇਤ ਕਰ ਸਕਦੇ ਹਨ। ਵਿਰੋਧੀ ਧਿਰ ਦੇ ਵਿਧਾਇਕ ਵੱਲੋਂ 800 ਸਕੂਲ ਬੰਦ ਕਰਨ ਦੇ ਮੁੱਦੇ ’ਤੋ ਬੋਲਣ ਸਬੰਧੀ ਉਨ੍ਹਾਂ ਕਿਹਾ ਕਿ ਅਜਿਹੀ ਬਿਆਨਬਾਜ਼ੀ ਉਨ੍ਹਾਂ ਨੂੰ ਸੋਭਦੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 20 ਤੋਂ ਘੱਟ ਵਿਦਿਆਰਥੀਆਂ ਵਾਲੇ ਸਿਰਫ ਅਜਿਹੇ ਸਕੂਲ ਨੇੜਲੇ ਸਕੂਲ ਵਿੱਚ ਮਰਜ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਇਕ ਕਿਲੋਮੀਟਰ ਦੇ ਘੇਰੇ ਅੰਦਰ ਕੋਈ ਹੋਰ ਪ੍ਰਾਇਮਰੀ ਸਕੂਲ ਨਹੀਂ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ 1600 ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ ਅਤੇ ਹੋਰ 3582 ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ। ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀ ਰੈਸ਼ਨੇਲਾਈਜੇਸ਼ਨ ਕੀਤੀ ਜਾ ਰਹੀ ਹੈ, ਜਿਸ ਨਾਲ ਇਹ ਪਤਾ ਲੱਗੇਗਾ ਕਿ ਕਿੱਥੇ ਅਧਿਆਪਕਾਂ ਦੀ ਕਮੀ ਹੈ ਅਤੇ ਕਿੱਥੇ ਅਧਿਆਪਕ ਲੋੜ ਤੋਂ ਵੱਧ ਹਨ।