ਚੰਡੀਗੜ੍ਹ, 11 ਅਕਤੂਬਰ
ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਦੇ ਕਾਕੇ ਵਿਕਾਸ ਬਰਾਲਾ ਅਤੇ ਉਸ ਦੇ ਸਾਥੀ ਅਸ਼ੀਸ਼ ਕੁਮਾਰ ਵਿਰੁੱਧ ਦੋਸ਼ ਆਇਦ ਕਰਨ ਦੇ ਮਾਮਲੇ ’ਤੇ ਅੱਜ ਇਥੇ ਯੂਟੀ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਬਲਵਿੰਦਰ ਸਿੰਘ ਦੀ ਅਦਾਲਤ ’ਚ ਅਦਾਲਤ ਵਿੱਚ ਭਖ਼ਵੀਂ ਬਹਿਸ ਹੋਈ।   ਸੁਣਵਾਈ ਦੌਰਾਨ  ਮੁਲਜ਼ਮਾਂ ਨੇ ਕੇਸ ਵਿਚੋਂ ਆਈਪੀਸੀ ਦੀ ਧਾਰਾ 365 ਹਟਾਉਣ ਦਾ ਤਰਲਾ ਪਾਇਆ, ਜੋ ਅਗਵਾ ਨਾਲ ਸਬੰਧਤ ਹੈ।     ਅਦਾਲਤ ਨੇ ਬਹਿਸ ਸੁਣਨ ਪਿੱਛੋਂ ਦੋਸ਼ ਆਇਦ ਕਰਨ ਲਈ 13 ਅਕਤੂਬਰ ਦੀ ਤਰੀਕ ਮੁਕੱਰਰ ਕੀਤੀ ਹੈ। ਮੁਲਜ਼ਮ ਮਾਡਲ ਜੇਲ੍ਹ ਬੁੜੈਲ ਵਿੱਚ ਬੰਦ ਹਨ, ਜਿਨ੍ਹਾਂ ਉੱਤੇ ਹਰਿਆਣਾ ਦੇ ਇੱਕ ਸੀਨੀਅਰ ਆਈਏਐਸ ਅਫਸਰ ਦੀ ਧੀ ਨੂੰ ਰਾਤੀਂ  ਸ਼ਰੇਰਾਹ ਘੇਰ ਕੇ ਅਗਵਾ ਕਰਨ ਦਾ ਦੋਸ਼ ਹੈ। ਬਹਿਸ ਦੌਰਾਨ ਸਫ਼ਾਈ ਧਿਰ ਦੇ ਵਕੀਲ ਨੇ ਆਈਪੀਸੀ ਦੀ ਧਾਰਾ 365 ਅਤੇ 511 ਹਟਾਉਣ ਦੀ ਮੰਗ ਕਰਦਿਆਂ ਦਾਅਵਾ ਕੀਤਾ ਕਿ ਮੁਲਜ਼ਮਾਂ ਖਿਲ਼ਾਫ ਸਿਰਫ਼ ਧਾਰਾ 354 ਡੀ ਅਤੇ 341 ਲੱਗਣੀ ਚਾਹੀਦੀ ਹੈ। ਉਸ ਨੇ ਕਿਹਾ ਕਿ ਵਿਕਾਸ ਬਰਾਲਾ ਪੁਲੀਸ ਦੀ ਗ਼ਲਤ ਜਾਂਚ ਅਤੇ ਹਰਿਆਣਾ ਦੀ ਆਈਏਐਸ ਲਾਬੀ ਦੇ ਦਬਾਅ ਦਾ ਪੀੜਤ ਹੈ। ਦੂਜੇ ਬੰਨੇ ਸਰਕਾਰੀ ਵਕੀਲ ਦੀ ਕਹਿਣਾ ਸੀ ਕਿ ਕੇਸ ਵਿੱਚ ਦਬਾਅ ਇੱਕ ਪਾਸੇ ਦਾ ਨਹੀਂ ਸਗੋਂ ਦੋਹਾਂ ਪਾਸਿਆਂ ਦਾ ਕਹਿਣਾ ਬਣਦਾ ਹੈ। ਮੁਲਜ਼ਮ ਹਾਕਮ ਪਾਰਟੀ ਦੇ ਪ੍ਰਧਾਨ ਦਾ ਪੁੱਤਰ ਹੈ ਅਤੇ ਉਸ ਨੂੰ ਬਚਾਉਣ ਲਈ ਪੂਰੀ ਸਿਆਸੀ ਵਾਹ ਲਾਈ ਗਈ। ਉਨ੍ਹਾਂ ਕਿਹਾ ਕਿ ਪੀੜਤਾ ਦੀ ਕਾਰ ਅੰਦਰੋਂ ਸੈਂਟਰਲ ਲਾਕ ਹੋਣ ਕਾਰਨ ਹੀ ਮੁਲਜ਼ਮ ਉਸ ਨੂੰ ਅਗਵਾ ਨਾ ਕਰ ਸਕੇ। ਜਦੋਂ 4-5 ਅਗਸਤ ਦੀ ਰਾਤ ਨੂੰ ਬਾਰਾਂ ਵਜੇ ਪੀੜਤਾ ਆਪਣੀ ਡਿਊਟੀ ਕਰ ਕੇ ਆਪਣੀ ਗੱਡੀ ਵਿੱਚ ਘਰ ਲਈ ਨਿਕਲੀ ਤਾਂ ਮੁਲਜ਼ਮਾਂ ਨੇ ਉਸ ਦਾ ਪਿੱਛਾ ਸ਼ੁਰੂ ਕਰ ਦਿੱਤਾ ਸੀ।