ਹੈਮਬਰਗ, ਵਿਕਾਸ ਕ੍ਰਿਸ਼ਨ ਦੀ ਵਿਸ਼ਵ ਚੈਂਪੀਅਨਸ਼ਿਪ ਮੁਹਿੰਮ ਨਿਰਾਸ਼ਾ ਨਾਲ ਖ਼ਤਮ ਹੋਈ ਅਤੇ ਇਸ ਭਾਰਤੀ ਮੁਕੇਬਾਜ਼ ਨੇ ਆਪਣੀ ਪੇਸ਼ੇਵਰ ਬਣਨ ਦੀ ਯੋਜਨਾ ਥੋੜੇ ਸਮੇਂ ਲਈ ਟਾਲਣ ਦਾ ਫ਼ੈਸਲਾ ਕੀਤਾ ਹੈ। ਉਹ ਆਪਣੇ ਹੱਥ ਦੀ ਸੱਟ ਠੀਕ ਕਰਨ ਵੱਲ ਧਿਆਨ ਦੇਣਾ ਚਾਹੁੰਦਾ ਹੈ, ਜਿਹੜੀ ਵਿਸ਼ਵ ਚੈਂਪੀਅਸ਼ਿਪ ਦੌਰਾਨ ਵੱਧ ਗਈ ਸੀ। ਸੰਨ 2011 ਵਿੱਚ ਕਾਂਸੀ ਤਗ਼ਮਾ ਜਿੱਤਣ ਵਾਲਾ ਵਿਕਾਸ ਇਸ ਵਾਰ ਦੂਜੇ ਗੇੜ ਵਿੱਚ ਹੀ ਬਾਹਰ ਹੋ ਗਿਆ, ਉਸ ਨੂੰ ਇੰਗਲੈਂਡ ਦੇ ਬੈਂਜਾਮਿਨ ਵੀ. ਨੇ ਹਰਾਇਆ। ਇਸ ਮਿਡਲਵੇਟ 75 ਕਿਲੋ ਮੁੱਕੇਬਾਜ਼ ਨੇ ਕਿਹਾ, ‘ਮੈਂ ਇਸ ਸਾਲ ਦੇ ਅੰਤ ਵਿੱਚ ਪੇਸ਼ੇਵਰ ਬਣਨ ਬਾਰੇ ਸੋਚ ਰਿਹਾ ਸੀ ਪਰ ਹੁਣ ਇਹ ਯੋਜਨਾ ਥੋੜੇ ਸਮੇਂ ਲਈ ਟਾਲ ਦਿੱਤੀ ਹੈ। ਸੱਜੇ ਹੱਥ ਦੀ ਸੱਟ ਮੁੜ ਵੱਧ ਗਈ ਹੈ, ਜਿਸ ਨੇ ਮੈਨੂੰ ਕੁਝ ਸਾਲ ਪ੍ਰੇਸ਼ਾਨ ਕੀਤਾ ਸੀ। ਮੇਰੇ ਲਈ ਜ਼ਰੂਰੀ ਹੈ ਕਿ ਮੈਂ ਇਸ ਵੱਲ ਫੌਰੀ ਧਿਆਨ ਦੇਵਾਂ ਤੇ ਘਰ ਪਹੁੰਚਦਿਆਂ ਹੀ ਅਜਿਹਾ ਕਰੂੰਗਾ।’ ਉਸ ਨੇ ਕਿਹਾ, ‘ਮੈਂ ਪੇਸ਼ੇਵਰ ਬਣਨਾ ਚਾਹੁੰਦਾ ਸੀ ਪਰ ਹੁਣ ਮੈਂ ਆਪਣਾ ਧਿਆਨ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ’ਤੇ ਲਾਊਂਗਾ ਤੇ ਉਸ ਤੋਂ ਬਾਅਦ ਹੀ ਭਵਿੱਖ ਦੀ ਯੋਜਨਾ ਤਿਆਰ ਕਰੂੰਗਾ।’