ਬਠਿੰਡਾ, 27 ਨਵੰਬਰ
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਇੱਥੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਆਖ਼ਰੀ ਪਾਰੀ ਹੈ, ਇਸੇ ਲਈ ਉਹ ਨਾ ਤਾਂ ਪੰਜਾਬ ਵਿੱਚ ਕਿਤੇ ਦਿਖਾਈ ਦੇ ਰਹੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਪੰਜਾਬ ਦੇ ਵਿਕਾਸ ਨਾਲ ਕੋਈ ਸਰੋਕਾਰ ਹੈ। ਕੇਂਦਰੀ ਮੰਤਰੀ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਵਿਕਾਸ ਦੇ ਰਾਹ ਵਿੱਚ ਰੋੜੇ ਵਿਛਾਏ ਜਾ ਰਹੇ ਹਨ। ਸ੍ਰੀਮਤੀ ਬਾਦਲ ਅੱਜ ਅਕਾਲੀ ਦਲ ਦੇ ਸੀਨੀਅਰ ਆਗੂ ਭੋਲਾ ਸਿੰਘ ਗਿੱਲਪੱਤੀ ਦੇ ਘਰ ਉਨ੍ਹਾਂ ਦੇ ਭਰਾ ਦੇ ਦੇਹਾਂਤ ’ਤੇ ਅਫ਼ਸੋਸ ਕਰਨ ਪੁੱਜੇ ਸਨ। ਕੇਂਦਰੀ ਮੰਤਰੀ ਨੇ ਆਖਿਆ ਕਿ ਕੇਂਦਰ ਸਰਕਾਰ ਨੇ ਬਠਿੰਡਾ ਵਿੱਚ ਏਮਜ਼ ਦੀ ਉਸਾਰੀ ਸ਼ੁਰੂ ਕੀਤੀ ਸੀ, ਪਰ ਕੈਪਟਨ ਕੈਪਟਨ ਸਰਕਾਰ ਨੇ ਇਸ ਵਿੱਚ ਅੜਿੱਕੇ ਡਾਹ ਦਿੱਤੇ। ਬਠਿੰਡਾ ਸ਼ਹਿਰ ’ਚੋਂ ਸਿਟੀ ਬੱਸ ਸੇਵਾ ਬੰਦ ਕਰ ਦਿੱਤੀ ਅਤੇ ਹੁਣ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੂੰ ਬਠਿੰਡਾ ਤੋਂ ਜਲੰਧਰ ਤਬਦੀਲ ਕਰਨ ਦੇ ਰੌਂਅ ਵਿੱਚ ਹਨ।