ਕੋਟਕਪੂਰਾ, 20 ਨਵੰਬਰ
ਇਥੇ ਵਿਆਹ ਸਮਾਗਮ ਦੌਰਾਨ ਚੱਲੀਆਂ ਗੋਲੀਆਂ ਨਾਲ ਇੱਕ ਅੱਠ ਸਾਲਾ ਬੱਚੇ ਦੀ ਮੌਤ ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਬੱਚਾ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪੀੜਤ ਦੀ ਪਛਾਣ ਵਿਕਰਮਜੀਤ ਸਿੰਘ ਮਠਾੜੂ ਪੁੱਤਰ ਕੁਲਵਿੰਦਰ ਸਿੰਘ ਵਜੋਂ ਹੋਈ ਹੈ, ਜਿਸ ਦਾ ਅੱਜ ਸਸਕਾਰ ਕਰ ਦਿੱਤਾ ਗਿਆ। ਪੁਲੀਸ ਨੇ ਲਾੜੇ ਦੇ ਮਾਮੇ ਅਤੇ ਮਾਸੜ, ਜੋ ਫ਼ਿਲਹਾਲ ਫ਼ਰਾਰ ਹਨ, ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਸਥਾਨਕ ਫ਼ਰੀਦਕੋਟ ਰੋਡ ਸਥਿਤ ਅਨੰਦ ਨਗਰ ਵਿੱਚ ਬੀਤੀ ਰਾਤ ਬਿਕਰਜੀਤ ਸਿੰਘ ਦੇ ਵਿਆਹ ਦਾ ਸਮਾਗਮ ਚੱਲ ਰਿਹਾ ਸੀ। ਪਰਿਵਾਰ ਵੱਲੋਂ ਲੇਡੀਜ਼ ਸੰਗੀਤ ਦੌਰਾਨ ਘਰ ਵਿੱਚ ਡੀਜੇ ਲਾ ਕੇ ਜਸ਼ਨ ਮਨਾਇਆ ਜਾ ਰਿਹਾ ਸੀ। ਗੁਆਂਢ ਵਿੱਚ ਰਹਿੰਦਾ ਕੁਲਵਿੰਦਰ ਸਿੰਘ ਆਪਣੇ ਲੜਕੇ ਵਿਕਰਮਜੀਤ ਸਿੰਘ ਮਠਾੜੂ (8) ਤੇ ਪੰਜਾਬ ਪੁਲੀਸ ਵਿੱਚ ਹੌਲਦਾਰ ਜਗਸੀਰ ਸਿੰਘ ਆਪਣੇ ਲੜਕੇ ਕਮਰੀਨ ਬਰਾੜ (9) ਨਾਲ ਸਮਾਗਮ ’ਚ ਹਾਜ਼ਰ ਸਨ। ਘਟਨਾਂ ਦੇ ਪ੍ਰਤੱਖਦਰਸ਼ੀਆਂ ਮੁਤਾਬਕ ਲਾੜੇ ਦੇ ਮਾਸੜ ਬਲਵਿੰਦਰ ਸਿੰਘ ਵਾਸੀ ਮਹਿਰੇ ਮੋਗਾ ਅਤੇ ਮਾਮਾ ਅਵਤਾਰ ਸਿੰਘ ਵਾਸੀ ਮੋਗਾ ਨੇ ਆਪਣੇ 32 ਬੋਰ ਦੇ ਰਿਵਾਲਵਰ ਨਾਲ ਹਵਾ ਵਿੱਚ ਫਾਇਰ ਕੀਤੇ ਜੋ ਨੇੜੇ ਹੀ ਖੇਡ ਰਹੇ ਵਿਕਰਮਜੀਤ ਸਿੰਘ ਮਠਾੜੂ ਤੇ ਕਮਰੀਨ ਬਰਾੜ ਦੇ ਵੱਜੇ। ਦੋਵਾਂ ਨੂੰ ਜ਼ਖ਼ਮੀ ਹਾਲਤ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਵਿਕਰਮਜੀਤ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਦਕਿ ਕਮਰੀਨ ਬਰਾੜ ਨੂੰ ਮੈਡੀਕਲ ਹਸਪਤਾਲ ਫ਼ਰੀਦਕੋਟ ਰੈਫ਼ਰ ਕਰ ਦਿੱਤਾ।
ਹਸਪਤਾਲ ਦੇ ਸੂਤਰਾਂ ਮੁਤਾਬਕ ਕਮਰੀਨ ਬਰਾੜ ਦੀ ਹਾਲਤ ਇਸ ਵੇਲੇ ਖ਼ਤਰੇ ਤੋਂ ਬਾਹਰ ਹੈ। ਇਸ ਘਟਨਾ ਕਾਰਨ ਉਹ ਕਾਫ਼ੀ ਸਹਿਮਿਆ ਨਜ਼ਰ ਆ ਰਿਹਾ ਹੈ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਖੇਮ ਚੰਦ ਪਰਾਸ਼ਰ ਨੇ ਮੌਕੇ ’ਤੇ ਪਹੁੰਚ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ। ਲਾੜੇ ਦਾ ਮਾਮਾ ਤੇ ਮਾਸੜ ਦੋਵੇਂ ਫ਼ਰਾਰ ਹਨ। ਪੁਲੀਸ ਵੱਲੋਂ ਉਨ੍ਹਾਂ ਦੀ ਤੇਜ਼ੀ ਨਾਲ ਭਾਲ ਕੀਤੀ ਜਾ ਰਹੀ ਹੈ।

ਵਿਕਰਮਜੀਤ ਸੀ ਮਾਪਿਆਂ ਦੀ ਇਕਲੌਤੀ ਔਲਾਦ

ਮ੍ਰਿਤਕ ਲੜਕਾ ਵਿਕਰਮਜੀਤ ਸਿੰਘ ਆਪਣੇ ਪਰਿਵਾਰ ਦੀ ਇਕਲੌਤੀ ਔਲਾਦ ਸੀ ਤੇ ਉਹ ਡੀਏਵੀ ਪਬਲਿਕ ਸਕੂਲ ਵਿੱਚ ਤੀਜੀ ਕਲਾਸ ਵਿੱਚ ਪੜ੍ਹਦਾ ਸੀ। ਉਸ ਦਾ ਪਿਤਾ ਤਹਿਸੀਲ ਦਫ਼ਤਰ ਵਿੱਚ ਟਾਈਪਿਸਟ ਹੈ। ਪੋਸਟ ਮਾਟਰਮ ਉਪਰੰਤ ਪੁਲੀਸ ਨੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਵਿਕਰਮਜੀਤ ਦੇ ਘਰ ਵਿੱਚ ਡੂੰਘੇ ਮਾਤਮ ਦਾ ਮਾਹੌਲ ਹੈ। ਉਸ ਦੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਦੇਰ ਸ਼ਾਮ ਲੜਕੇ ਦਾ ਸ਼ਾਂਤੀਵਣ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਡੀਏਵੀ ਪਬਲਿਕ ਸਕੂਲ ਦੀ ਪ੍ਰਿੰਸੀਪਲ ਮਿਸ ਮੀਨਾ ਮਹਿਤਾ ਅਤੇ ਹੋਰ ਅਧਿਆਪਕ ਵੀ ਹਾਜ਼ਰ ਸਨ। ਹਾਦਸੇ ਉਪਰੰਤ ਵਿਆਹ ਦੀਆਂ ਰਸਮਾਂ ਨੂੰ ਸਾਦੇ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ।