ਅੰਮ੍ਰਿਤਸਰ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵੀਰਵਾਰ 11 ਵਜੇ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਬੁਲਾਈ ਹੈ। ਇਸ ਮੀਟਿੰਗ ਵਿਚ ਸੁੱਚਾ ਸਿੰਘ ਲੰਗਾਹ ਮਾਮਲੇ ‘ਤੇ ਸਲਾਹਕਾਰ ਕਮੇਟੀ ਨਾਲ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ। ਇਸ ਉਪਰੰਤ 1 ਵਜੇ ਪੰਜ ਤਖਤਾਂ ਦੇ ਜਥੇਦਾਰਾਂ ਨਾਲ ਮੀਟਿੰਗ ਕੀਤੀ ਜਾਵੇਗੀ। ਵੀਰਵਾਰ ਨੂੰ ਹੋਣ ਜਾ ਰਹੀ ਪੰਜ ਸਿੰਘ ਸਾਹਿਬਾਨ ਦੀ ਇਸ ਮੀਟਿੰਗ ‘ਤੇ ਸਭ ਦੀਆਂ ਇਸ ਗੱਲ ‘ਤੇ ਨਜ਼ਰਾਂ ਬਣੀਆਂ ਰਹਿਣਗੀਆਂ ਕਿ ਉਹ ਸੁੱਚਾ ਸਿੰਘ ਲੰਗਾਹ ਦੇ ਮਾਮਲੇ ‘ਤੇ ਕੀ ਫੈਸਲਾ ਲੈਂਦੇ ਹਨ।
ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਕੋਲ ਸੁੱਚਾ ਸਿੰਘ ਲੰਗਾਹ ਮਾਲਮੇ ‘ਤੇ ਕਈ ਸਿੱਖ ਜਥੇਬੰਦੀਆਂ ਵਲੋਂ ਸ਼ਿਕਾਇਤਾ ਕੀਤੀਆਂ ਗਈਆਂ ਸਨ। ਕਾਂਗਰਸੀ ਆਗੂ ਅਮਰਜੀਤ ਸਿੰਘ ਟਿੱਕਾ ਨੇ ਵੀ ਸ੍ਰੀ ਅਕਾਲ ਸਾਹਿਬ ਨੂੰ ਲੰਗਾਹ ਮਾਮਲੇ ‘ਚ ਵਾਇਰਲ ਹੋਈ ਵੀਡੀਓ ਬਾਰੇ ਜਾਣੂ ਕਰਵਾ ਕੇ ਤੁਰੰਤ ਐਕਸ਼ਨ ਲੈਣ ਦੀ ਬੇਨਤੀ ਕੀਤੀ ਸੀ।
ਇਥੇ ਇਹ ਵੀ ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਵਿਦੇਸ਼ ਦੇ ਇਕ ਹਫਤੇ ਦੇ ਦੌਰੇ ਉਪਰੰਤ ਦੇਰ ਰਾਤ ਹੀ ਅੰਮ੍ਰਿਤਸਰ ਪੁੱਜੇ ਹਨ। ਉੁਨ੍ਹਾਂ ਕਿਹਾ ਕਿ ਵੀਰਵਾਰ ਦੀ ਮੀਟਿੰਗ ਲਈ ਪੰਜਾਂ ਤਖਤਾਂ ਦੇ ਸਿੰਘ ਸਾਹਿਬਾਨਾਂ ਨੂੰ ਸੱਦਾ ਦਿੱਤਾ ਗਿਆ ਹੈ, ਉਨ੍ਹਾਂ ਇਹ ਵੀ ਸੰਭਾਵਨਾ ਪ੍ਰਗਟਾਈ ਕਿ ਹੋ ਸਕਦਾ ਹੈ ਕਿ ਤਖਤ ਸ੍ਰੀ ਹਜੂਰ ਸਾਹਿਬ ਦੇ ਜੱਥੇਦਾਰ ਸਮੇਂ ਦੀ ਘਾਟ ਕਾਰਨ ਨਾ ਆ ਸਕਣ।