ਢਾਕਾ, ਆਫ ਸਪਿੰਨਰ ਨੇਥਨ ਲਿਓਨ ਦੀ ਸ਼ਾਨਦਾਰ ਗੇਂਦਬਾਜ਼ੀ ਤੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦੇ ਨਾਬਾਦ ਅਰਧ ਸੈਂਕੜੇ ਦੀ ਮਦਦ ਨਾਲ ਆਸਟਰੇਲੀਆ ਨੇ ਬੰਗਲਾਦੇਸ਼ ਖ਼ਿਲਾਫ਼ ਪਹਿਲੇ ਟੈਸਟ ਕ੍ਰਿਕਟ ਮੈਚ ’ਚ ਅੱਜ ਇੱਥੇ ਆਪਣੀ ਸਥਿਤੀ ਬਿਹਤਰ ਕਰ ਦਿੱਤੀ। ਆਸਟਰੇਲੀਆ ਨੇ ਟਰਨ ਲੈਂਦੀ ਪਿੱਚ ’ਤੇ 265 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਤੀਜੇ ਦਿਨ ਦੀ ਖੇਡ ਮੁੱਕਣ ਤੱਕ ਦੋ ਵਿਕਟਾਂ ’ਤੇ 109 ਦੌੜਾਂ ਬਣਾ ਲਈਆਂ ਤੇ ਹੁਣ ਉਸ ਨੂੰ ਜਿੱਤ ਲਈ 156 ਦੌੜਾਂ ਦਰਕਾਰ ਹਨ।
ਸਪਿੰਨਰਾਂ ਨੂੰ ਖੇਡਣ ’ਚ ਮਾਹਿਰ ਉਸ ਦੇ ਦੋ ਬੱਲੇਬਾਜ਼ ਉੱਪ ਕਪਤਾਨ ਡੇਵਿਡ ਵਾਰਨਰ (ਨਾਬਾਦ 75) ਤੇ ਕਪਤਾਨ ਸਟੀਵਨ ਸਮਿੱਥ (ਨਾਬਾਦ 25) ਅਜੇ ਕਰੀਜ਼ ’ਤੇ ਹਨ। ਇਨ੍ਹਾਂ ਦੋਵਾਂ ਨੇ ਦੂਜੀ ਵਿਕਟ ਲਈ 81 ਦੌੜਾਂ ਦੀ ਅਟੁੱਟ ਭਾਈਵਾਲੀ ਕਰਕੇ ਆਸਟਰੇਲੀਆ ਨੂੰ ਸ਼ਰੂਆਤੀ ਝਟਕਿਆਂ ’ਚੋਂ ਉਭਾਰਿਆ। ਇਸ ਤੋਂ ਪਹਿਲਾਂ ਬੰਗਲਾਦੇਸ਼ ਸਲਾਮੀ ਬੱਲੇਬਾਜ਼ ਤਮੀਮ ਇਕਬਾਲ ਦੀ 78 ਦੌੜਾਂ ਦੀ ਪਾਰੀ ਅਤੇ ਕਪਤਾਨ ਮੁਸ਼ਫਿਕੁਰ ਰਹੀਮ (41) ਨਾਲ ਉਸ ਦੀ ਚੌਥੀ ਵਿਕਟ ਲਈ 68 ਦੌੜਾਂ ਦੀ ਭਾਈਵਾਲੀ ਦੇ ਬਾਵਜੂਦ ਆਪਣੀ ਦੂਜੀ ਪਾਰੀ ’ਚ 221 ਦੌੜਾਂ ਹੀ ਬਣਾ ਸਕਿਆ। ਬੰਗਲਾਦੇਸ਼ ਨੇ ਆਪਣੀਆਂ ਆਖਰੀ ਪੰਜ ਵਿਕਟਾਂ 35 ਦੌੜਾਂ ਅੰਦਰ ਗੁਆਈਆਂ। ਲਿਓਨ (82 ਦੌੜਾਂ ਦੇ ਕੇ ਛੇ ਵਿਕਟਾਂ) ਨੇ ਆਪਣੇ ਕਰੀਅਰ ’ਚ ਦਸਵੀਂ ਵਾਰ ਪਾਰੀ ’ਚ ਪੰਜ ਜਾਂ ਉਸ ਤੋਂ ਵੱਧ ਵਿਕਟਾਂ ਹਾਸਲ ਕੀਤੀਆਂ। ਐਸਟਨ ਐਗਰ ਨੇ 55 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ।
ਪਿੱਚ ਟਰਨ ਲੈ ਰਹੀ ਹੈ ਅਤੇ ਅਜਿਹੇ ’ਚ ਆਸਟਰੇਲੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਉਸ ਨੇ ਸਲਾਮੀ ਬੱਲੇਬਾਜ਼ ਮੈਟ ਰੇਨਸ਼ਾਅ (5) ਅਤੇ ਉਸਮਾਨ ਖਵਾਜਾ (1) ਦੀ ਵਿਕਟ ਜਲਦੀ ਹੀ ਗੁਆ ਦਿੱਤੀ, ਪਰ ਇਸ ਮਗਰੋਂ ਵਾਰਨਰ ਤੇ ਸਮਿੱਥ ਨੇ ਟੀਮ ਨੂੰ ਕੋਈ ਝਟਕਾ ਨਹੀਂ ਲੱਗਣ ਦਿੱਤਾ। ਵਾਰਨਰ ਨੇ ਹੁਣ ਤੱਕ 96 ਗੇਂਦਾਂ ਖੇਡ ਕੇ 11 ਚੌਕੇ ਤੇ ਇੱਕ ਛੱਕਾ ਲਾਇਆ ਹੈ।