ਚੰਡੀਗੜ੍ਹ, 12 ਦਸੰਬਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਦੇ ਨਵੇਂ ਪ੍ਰਧਾਨ ਰਾਹੁਲ ਗਾਧੀ ਨੂੰ ਨਿੱਘੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਪਾਰਟੀ ਪ੍ਰਧਾਨ ਬਣਨ ਨਾਲ ਕਾਂਗਰਸ ਪਾਰਟੀ ਨੂੰ ਵੱਡਾ ਹੁਲਾਰਾ ਮਿਲੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਯੋਗ ਅਤੇ ਗਤੀਸ਼ੀਲ ਅਗਵਾਈ ਹੇਠ ਕਾਂਗਰਸ ਦੀ ਨਾ ਕੇਵਲ ਵੱਡੀ ਪੱਧਰ ’ਤੇ ਪੁਨਰ ਸੁਰਜੀਤੀ ਹੋਵੇਗੀ ਸਗੋਂ ਪਾਰਟੀ ਦਾ ਉਥਾਨ ਵੀ ਹੋਵੇਗਾ। ਉਨ੍ਹਾਂ ਕਿਹਾ ਕਿ ਰਾਹੁਲ ਦੀ ਬੁੱਧੀ ਅਤੇ ਜਗਿਆਸੂ ਸੁਭਾਅ ਨਾਲ ਦੇਸ਼ ਵਿੱਚ ਕਾਂਗਰਸ ਦੀ ਸਫਲਤਾ ਲਈ ਮੁੱਢ ਬੱਝੇਗਾ, ਪਾਰਟੀ ਵਿੱਚ ਨਵੇਂ ਸਿਰੇ ਤੋਂ ਉਤਸ਼ਾਹ ਪੈਦਾ ਹੋਵੇਗਾ। ਕਾਂਗਰਸ ਵਿੱਚ ਨੌਜਵਾਨ ਆਗੂ ਦੇ ਆਉਣ ਨਾਲ ਨੌਜਵਾਨਾਂ ਨੂੰ ਪ੍ਰੇਰਨਾ ਮਿਲੇਗੀ। ਕੈਪਟਨ ਨੇ ਕਿਹਾ ਕਿ ਅਸਲ ਵਿੱਚ ਅਗਲੀਆਂ ਲੋਕ ਸਭਾ ਚੋਣਾਂ ’ਚ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਉਮੀਦਵਾਰ ਵਜੋਂ ਪੇਸ਼ ਕਰਨ ਨਾਲ ਪਾਰਟੀ ਨੂੰ ਬੇਹੱਦ ਲਾਭ ਮਿਲੇਗਾ। ਇਸੇ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਲ ਸੁਨੀਲ ਜਾਖੜ ਨੇ ਕਿਹਾ ਕਿ ਦੇਸ਼ ਵਿੱਚ ਨੌਜਵਾਨਾਂ ਦੀ ਆਬਾਦੀ ਜ਼ਿਆਦਾ ਹੈ ਜਿਸ ਕਰਕੇ ਲੋਕਾਂ ਨੂੰ ਇੱਕ ਨੌਜਵਾਨ ਆਗੂ ਦੀ ਲੋੜ ਹੈ ਜੋ ਕਿ ਪਾਰਟੀ ਨੂੰ ਅੱਗੇ ਵਧਣ ਦਾ ਰਾਹ ਅਤੇ ਸੇਧ ਮੁਹੱਈਆ ਕਰਵਾ ਸਕਦਾ ਹੈ।