ਨਵੀਂ ਦਿੱਲੀ, 4 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਲਈ ਰਾਹੁਲ ਗਾਂਧੀ ਦੇ ਨਾਮ ਦੇ ਪ੍ਰਸਤਾਵ ਬਾਰੇ ਨਾਮਜ਼ਦਗੀ ਪੱਤਰ ‘ਤੇ ਦਸਤਖ਼ਤ ਕਰਦਿਆਂ ਇਸ ਨੂੰ ਪਾਰਟੀ ਲਈ ਸ਼ੁੱਭ ਸੰਕੇਤ ਦੱਸਿਆ। ਇਸ ਪ੍ਰਸਤਾਵ ‘ਤੇ ਰਾਹੁਲ ਗਾਂਧੀ ਨੂੰ ਵਧਾਈ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਪਾਰਟੀ ਦੇ ਸਿਖਰਲੇ ਅਹੁਦੇ ਲਈ ਕਾਂਗਰਸ ਦੇ ਉਪ-ਪ੍ਰਧਾਨ ਦੀ ਨਾਮਜ਼ਦਗੀ ਦੀ ਉਨ੍ਹਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਰਾਹੁਲ ਗਾਂਧੀ ਪਾਰਟੀ ਦੀ ਨਵੀਂ ਜ਼ਿੰਮੇਵਾਰੀ ਨੂੰ ਬਿਹਤਰ ਢੰਗ ਨਾਲ ਨਿਭਾਉਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਉਹ ਬਚਪਨ ਤੋਂ ਜਾਣਦੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਦਾ ਪਾਰਟੀ ਪ੍ਰਧਾਨ ਬਣਨ ਦਾ ਕਦਮ ਪਾਰਟੀ ਲਈ ਸ਼ੁੱਭ ਸੰਕੇਤ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਵਿਚ ਪਿਛਲੇ ਕੁਝ ਦਿਨਾਂ ਦੌਰਾਨ ਉਨ੍ਹਾਂ ਦੀ ਕਾਰਗੁਜ਼ਾਰੀ ਨੇ ਮਜ਼ਬੂਤ ਲੀਡਰਸ਼ਿਪ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਆਖਿਆ ਕਿ ਗੁਜਰਾਤ ਵਿੱਚ ਰੈਲੀਆਂ ਦੌਰਾਨ ਵੱਡੀ ਗਿਣਤੀ ‘ਚ ਲੋਕ ਰਾਹੁਲ ਦੇ ਵਿਚਾਰ ਸੁਣਨ ਲਈ ਪਹੁੰਚ ਰਹੇ ਹਨ ਅਤੇ ਬੀਤੇ ਸਮੇਂ ਵਿਚ ਵੀ ਵੱਖ ਵੱਖ ਮੌਕਿਆਂ ‘ਤੇ ਉਨ੍ਹਾਂ ਨੇ ਸਿਆਸੀ ਸੂਝ-ਬੂਝ ਦਾ ਪ੍ਰਗਟਾਵਾ ਕੀਤਾ ਹੈ ਜੋ ਕਾਂਗਰਸ ਲਈ ਕਾਰਗਰ ਸਿੱਧ ਹੋਵੇਗਾ। ਰਾਹੁਲ ਗਾਂਧੀ ਨੂੰ ‘ਪ੍ਰੌੜ੍ਹ ਤੇ ਸਮਰੱਥ’ ਸਿਆਸਤਦਾਨ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਬਣਾਏ ਜਾਣ ਦਾ ਕਦਮ ਸਹੀ ਦਿਸ਼ਾ ਵਿਚ ਚੁੱਕਿਆ ਗਿਆ ਹੈ, ਜੋ ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਅੰਦਰ ਨਵਾਂ ਜੋਸ਼ ਭਰਨ ਵਿੱਚ ਸਹਾਈ ਹੋਵੇਗਾ।