ਨਵੀਂ ਦਿੱਲੀ, 5 ਦਸੰਬਰ
ਰਾਹੁਲ ਗਾਂਧੀ ਵੱਲੋਂ ਆਲ ਇੰਡੀਆ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਨ ਲਈ ਨਾਮਜ਼ਦਗੀ ਦਾਖ਼ਲ ਕੀਤੇ ਜਾਣ ਬਾਅਦ ਲੱਗ ਰਹੇ ਪਰਿਵਾਰਵਾਦ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਗੁਜਰਾਤ ਚੋਣ ਪ੍ਰਚਾਰ ਦੌਰਾਨ ਮਿਲਿਆ ਭਰਵਾਂ ਹੁੰਗਾਰਾ ਉਨ੍ਹਾਂ ਦੀ ਲੋਕਾਂ ’ਚ ਹਰਮਨਪਿਆਰਤਾ ਦਾ ਗਵਾਹ ਹੈ। ਪਾਰਟੀ ਦਾ ਪੂਰਾ ਕੇਡਰ ਰਾਹੁਲ ਨੂੰ ਪ੍ਰਧਾਨ ਬਣਾਉਣ ਦੇ ਪੱਖ ’ਚ ਹੈ, ਇੱਥੋਂ ਤਕ ਕਿ ਹਮਖਿਆਲ ਪਾਰਟੀਆਂ ਨੂੰ ਵੀ ਉਨ੍ਹਾਂ ਦੇ ਕਾਂਗਰਸ ਦੀ ਕਮਾਂਡ ਸੰਭਾਲਣ ਨਾਲ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਨੇ 2019 ਦੀਆਂ ਲੋਕਾ ਸਭਾ ਚੋਣਾਂ ’ਚ ਰਾਹੁਲ ਗਾਂਧੀ ਨੂੰ ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਵਜੋਂ ਉਭਾਰਨ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ’ਚ ਕਿਸਾਨਾਂ ਦੀ ਕਰਜ਼ਾ ਮੁਆਫੀ ਇਸੇ ਮਹੀਨੇ ਸ਼ੁਰੂ ਹੋ ਜਾਵੇਗੀ। ਉਨ੍ਹਾਂ ਨੇ ‘ਆਪ’ ਆਗੂ ਸੁਖਪਾਲ ਖਹਿਰਾ ਨੂੰ ਲੋੜੋਂ ਵੱਧ ਖਾਹਿਸ਼ਾਂ ਪਾਲਣ ਵਾਲਾ ਸਿਆਸਤਦਾਨ ਅਤੇ ਡਾਵਾਂਡੋਲ ਵਿਅਕਤੀ ਦੱਸਿਆ।