ਅੰਮ੍ਰਿਤਸਰ, ਆਰਐਸਐਸ ਨਾਲ ਸਬੰਧਤ ਰਾਸ਼ਟਰੀ ਸਿੱਖ ਸੰਗਤ ਵੱਲੋਂ 25 ਅਕਤੂਬਰ ਨੂੰ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਕਰਾਏ ਜਾ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਵਿੱਚ ਸਿੱਖਾਂ ਦੇ ਸ਼ਾਮਲ ਹੋਣ ’ਤੇ ਰੋਕ ਲਾਉਂਦਿਆਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਸ ਸਬੰਧੀ ਜੁਲਾਈ 2004 ਵਿੱਚ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਜਾਰੀ ਕੀਤਾ ਗਿਆ ਸੰਦੇਸ਼ ਅੱਜ ਵੀ ਜਿਉਂ ਦਾ ਤਿਉਂ ਕਾਇਮ ਹੈ ਅਤੇ ਸਿੱਖ ਕੌਮ ਇਸ ਉਪਰ ਪਹਿਰਾ ਦੇਵੇ।
ਜਥੇਦਾਰ ਦੇ ਨਿੱਜੀ ਸਹਾਇਕ ਸਤਿੰਦਰਪਾਲ ਸਿੰਘ ਵੱਲੋਂ ਇਸ ਸਬੰਧੀ ਜਾਰੀ ਕੀਤੇ ਬਿਆਨ ਮੁਤਾਬਕ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਜੁਲਾਈ 2004 ਵਿੱਚ ਪੰਜ ਸਿੰਘ ਸਾਹਿਬਾਨ ਵੱਲੋਂ ਜਾਰੀ ਕੀਤਾ ਗਿਆ ਸੰਦੇਸ਼ ਅੱਜ ਵੀ ਬਰਕਰਾਰ ਹੈ। ਇਸ ’ਚ ਵਰਤੀ ਗਈ ਸ਼ਬਦਾਵਲੀ ਤੋਂ ਸਪੱਸ਼ਟ ਹੈ ਕਿ ਅਕਾਲ ਤਖ਼ਤ ਵੱਲੋਂ ਸ਼ੱਕੀ ਕਿਰਦਾਰ ਵਾਲੀਆਂ ਕਰਾਰ ਦਿੱਤੀਆਂ ਜਥੇਬੰਦੀਆਂ ਅਤੇ ਵਿਅਕਤੀਆਂ ਆਦਿ ਨੂੰ ਕਿਸੇ ਵੀ ਤਰ੍ਹਾਂ ਸਿੱਖ ਕੌਮ ਵੱਲੋਂ ਸਹਿਯੋਗ ਨਹੀਂ ਦਿੱਤਾ ਜਾ ਸਕਦਾ। ਗੁਰੂ ਸਾਹਿਬਾਨ ਨੇ ਸਾਰੀ ਲੋਕਾਈ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ। ਸਿੱਖ ਧਰਮ ਕਿਸੇ ਵੀ ਦੂਜੇ ਧਰਮ ਦੇ ਧਾਰਮਿਕ ਵਿਸ਼ਵਾਸ, ਮਰਿਆਦਾ ਤੇ ਇਤਿਹਾਸ ’ਚ ਦਖ਼ਲਅੰਦਾਜ਼ੀ ਨਹੀਂ ਕਰਦਾ ਅਤੇ ਨਾ ਹੀ ਕਿਸੇ ਧਰਮ ਦੀ ਸਿੱਖ ਧਰਮ ਵਿੱਚ ਦਖ਼ਲਅੰਦਾਜ਼ੀ ਨੂੰ ਬਰਦਾਸ਼ਤ ਕਰਦਾ ਹੈ। ਸਿੱਖ ਇਤਿਹਾਸ ਨੂੰ ਕਿਸੇ ਹੋਰ ਧਰਮ ਵਿੱਚ ਰਲਗੱਡ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਸਿੱਖ ਇਕ ਵੱਖਰੀ ਕੌਮ ਹੈ, ਜਿਸ ਦੀ ਵੱਖਰੀ ਪਛਾਣ ਹੈ ਤੇ ਇਸ ਦਾ ਵਿਲੱਖਣ ਇਤਿਹਾਸ ਹੈ।
ਰਾਸ਼ਟਰੀ ਸਿੱਖ ਸੰਗਤ ਦੇ ਇਸ ਸੰਮੇਲਨ ਬਾਰੇ ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਨਾ ਤਾਂ ਇਸ ਸੰਮੇਲਨ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਨਾ ਹੀ ਉਨ੍ਹਾਂ ਦਾ ਇਸ ਨਾਲ ਕੋਈ ਵਾਸਤਾ ਹੈ। ਦੱਸਣਯੋਗ ਹੈ ਕਿ 2004 ਵਿੱਚ ਰਾਸ਼ਟਰੀ ਸਿੱਖ ਸੰਗਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਯਾਤਰਾ ਕਰਾਈ ਗਈ ਸੀ, ਜਿਸ ਦਾ ਸਿੱਖ ਕੌਮ ਵੱਲੋਂ ਵਿਰੋਧ ਕੀਤੇ ਜਾਣ ਮਗਰੋਂ ਪੰਜ ਸਿੰਘ ਸਾਹਿਬਾਨ ਵੱਲੋਂ ਰਾਸ਼ਟਰੀ ਸਿੱਖ ਸੰਗਤ ਨੂੰ ਸਹਿਯੋਗ ਨਾ ਦੇਣ ਦਾ ਆਦੇਸ਼ ਦਿੱਤਾ ਸੀ। ਇਹ ਆਦੇਸ਼ ਜਾਰੀ ਕਰਨ ਵਾਲੇ ਪੰਜ ਸਿੰਘ ਸਾਹਿਬਾਨ ਵਿੱਚ ਉਸ ਵੇਲੇ ਗਿਆਨੀ ਗੁਰਬਚਨ ਸਿੰਘ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਸ਼ਾਮਲ ਸਨ। ਉਸ ਵੇਲੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਸਨ। ਇਸ ਸੰਦੇਸ਼ ’ਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਵੀ ਦਸਤਖ਼ਤ ਕੀਤੇ ਗਏ ਸਨ।
ਰਾਸ਼ਟਰੀ ਸਿੱਖ ਸੰਗਤ ਵੱਲੋਂ ਪ੍ਰਕਾਸ਼ਿਤ ਸੱਦਾ ਪੱਤਰ ’ਚ ਦਰਜ ਹੈ ਕਿ 25 ਅਕਤੂਬਰ ਨੂੰ ਸ਼ਾਮ ਪੰਜ ਵਜੇ ਹੋਣ ਵਾਲੇ ਇਸ ਸਮਾਗਮ ਦੀ ਪ੍ਰਧਾਨਗੀ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਕਰਨਗੇ। ਸਮਾਗਮ ਦੇ ਮੁੱਖ ਵਕਤਾ ਆਰਐਸਐਸ ਦੇ ਮੁਖੀ ਡਾ. ਮੋਹਨ ਰਾਓ ਭਾਗਵਤ ਹੋਣਗੇ। ਮੁੱਖ ਮਹਿਮਾਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਨਿਰਮਲ ਅਖਾੜਾ ਹਰਿਦੁਆਰ ਦੇ ਮਹੰਤ ਸੰਤ ਗਿਆਨ ਦੇਵ ਹੋਣਗੇ। ਇਸ ਤੋਂ ਇਲਾਵਾ ਕਈ ਉੱਘੀਆਂ ਸਿੱਖ ਸ਼ਖ਼ਸੀਅਤਾਂ ਦੇ ਨਾਂ ਵੀ ਸ਼ਾਮਲ ਹਨ, ਜਿਨ੍ਹਾਂ ’ਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ, ਭਾਜਪਾ ਦੇ ਕੌਮੀ ਸਕੱਤਰ ਆਰਪੀ ਸਿੰਘ ਆਦਿ ਸ਼ਾਮਲ ਹਨ। ਇਸ ਸਮਾਗਮ ਵਿੱਚ ਸਿੱਖਾਂ ਦੀ ਸ਼ਮੂਲੀਅਤ ’ਤੇ ਰੋਕ ਲਾਏ ਜਾਣ ਕਾਰਨ ਹੁਣ ਇਸ ’ਚ ਹਿੱਸਾ ਲੈਣ ਵਾਲੇ ਸਿੱਖਾਂ ਖ਼ਿਲਾਫ਼ ਕਾਰਵਾਈ ਦਾ ਰਾਹ ਵੀ ਪੱਧਰਾ ਹੋ ਗਿਆ ਹੈ। ਇਸ ਰੋਕ ਕਾਰਨ ਸਿੱਖ ਸ਼ਖ਼ਸੀਅਤਾਂ ਦੀ ਸ਼ਮੂਲੀਅਤ ’ਤੇ ਪ੍ਰਸ਼ਨ ਚਿੰਨ ਲੱਗ ਗਿਆ ਹੈ।