ਰਾਜਕੋਟ, ਸਲਾਮੀ ਬੱਲੇਬਾਜ਼ ਕੌਲਿਨ ਮੁਨਰੋ ਦੇ ਤੇਜ਼ਤਰਾਰ ਸੈਂਕੜੇ ਦੀ ਬਦੌਲਤ ਨਿਊਜ਼ੀਲੈਂਡ ਨੇ ਅੱਜ ਇਥੇ ਭਾਰਤ ਨੂੰ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ 40 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ’ਚ ਜ਼ੋਰਦਾਰ ਵਾਪਸੀ ਕੀਤੀ ਹੈ। ਨਿਊਜ਼ੀਲੈਂਡ ਵੱਲੋਂ ਜਿੱਤ ਲਈ ਦਿੱਤੇ 197 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਨਿਰਧਾਰਿਤ 20 ਓਵਰਾਂ ’ਚ ਸੱਤ ਵਿਕਟਾਂ ਦੇ ਨੁਕਸਾਨ ਨਾਲ 156 ਦੌੜਾਂ ਹੀ ਬਣਾ ਸਕੀ। ਭਾਰਤ ਲਈ ਕਪਤਾਨ ਵਿਰਾਟ ਕੋਹਲੀ ਤੇ ਮਹਿੰਦਰ ਸਿੰਘ ਧੋਨੀ ਨੇ ਕ੍ਰਮਵਾਰ 65 ਤੇ 49 ਦੌੜਾਂ ਬਣਾਈਆਂ। ਸ਼੍ਰੇਅਸ ਅੱਈਅਰ ਦੀਆਂ 23 ਦੌੜਾਂ ਨੂੰ ਛੱਡ ਕੇ ਹੋਰ ਕੋਈ ਬੱਲੇਬਾਜ਼ ਨਹੀਂ ਚੱਲਿਆ। ਨਿਊਜ਼ੀਲੈਂਡ ਲਈ ਟਰੈਂਟ ਬੋਲਟ ਨੇ ਚਾਰ ਜਦਕਿ ਮਿਸ਼ੇਲ ਸੇਂਟਨਰ, ਈਸ਼ ਸੋਢੀ ਤੇ ਮੁਨਰੋ ਦੇ ਹਿੱਸੇ ਇਕ ਇਕ ਵਿਕਟ ਆਈ। ਲੜੀ ਦਾ ਤੀਜਾ ਤੇ ਫ਼ੈਸਲਾਕੁਨ ਮੈਚ 7 ਨਵੰਬਰ ਨੂੰ ਤਿਰੂਵਨੰਤਪੁਰਮ ’ਚ ਖੇਡਿਆ ਜਾਵੇਗਾ।
ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਕੌਲਿਨ ਮੁਨਰੋ ਦੀ ਤੂਫ਼ਾਨੀ ਪਾਰੀ ਦੀ ਬਦੌਲਤ ਨਿਊਜ਼ੀਲੈਂਡ ਨੇ ਭਾਰਤ ਖ਼ਿਲਾਫ਼ ਦੂਜੇ ਟੀ-20 ਕੌਮਾਂਤਰੀ ਮੈਚ ਵਿੱਚ ਦੋ ਵਿਕਟਾਂ ਦੇ ਨੁਕਸਾਨ ਨਾਲ 196 ਦੌੜਾਂ ਬਣਾਈਆਂ। ਮੁਨਰੋ ਨੇ 58 ਗੇਂਦਾਂ ਵਿੱਚ ਨਾਬਾਦ 109 ਦੌੜਾਂ ਦੀ ਪਾਰੀ ਖੇਡੀ। ਕਿਵੀ ਬੱਲੇਬਾਜ਼ ਦਾ ਇਹ ਕ੍ਰਿਕਟ ਦੀ ਸਭ ਤੋਂ ਛੋਟੀ ਵੰਨਗੀ ’ਚ ਦੂਜਾ ਸੈਂਕੜਾ ਹੈ। ਮਹਿਮਾਨ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਮੁਨਰੋ ਤੇ ਮਾਰਟਿਨ ਗੁਪਟਿਲ(45) ਨੇ ਪਹਿਲੇ ਵਿਕਟ ਲਈ 11.1 ਓਵਰਾਂ ਵਿੱਚ 105 ਦੌੜਾਂ ਦੀ ਭਾਈਵਾਲੀ ਕਰਕੇ ਕਪਤਾਨ ਕੇਨ ਵਿਲੀਅਮਸਨ ਦੇ ਇਸ ਫ਼ੈਸਲੇ ਨੂੰ ਸਹੀ ਸਾਬਤ ਕੀਤਾ। ਮੁਨਰੋ ਨੇ ਨਾਬਾਦ ਸੈਂਕੜੇ ਵਾਲੀ ਪਾਰੀ ਦੌਰਾਨ ਸੱਤ ਚੌਕੇ ਤੇ ਸੱਤ ਛੱਕੇ ਲਾਏ। ਗੁਪਟਿਲ ਨੇ ਯੁਜ਼ਵੇਂਦਰ ਚਹਿਲ ਦੀ ਗੇਂਦ ’ਤੇ ਹਾਰਦਿਕ ਪੰਡਿਆ ਹੱਥੋਂ ਕੈਚ ਆਊਟ ਹੋਣ ਤੋਂ ਪਹਿਲਾਂ 41 ਗੇਂਦਾਂ ’ਚ 45 ਦੌੜਾਂ ਬਣਾਈਆਂ ਜਿਸ ਵਿੱਚ ਤਿੰਨ ਚੌਕੇ ਤੇ ਇੰਨੇ ਹੀ ਛੱਕੇ ਸ਼ਾਮਲ ਹਨ। ਮਗਰੋਂ ਮੁਨਰੋ ਨੇ ਕਪਤਾਨ ਕੇਨ ਵਿਲੀਅਮਸਨ (12) ਨਾਲ ਦੂਜੇ ਵਿਕਟ ਲਈ 35 ਦੌੜਾਂ ਜੋੜੀਆਂ। ਆਖਰੀ ਓਵਰਾਂ ’ਚ ਮੁਨਰੋ ਨੇ ਟੌਮ ਬਰੂਸ ਨਾਲ ਤੀਜੇ ਵਿਕਟ ਲਈ ਮਹਿਜ਼ 34 ਗੇਂਦਾਂ ’ਚ 56 ਦੌੜਾਂ ਦੀ ਭਾਈਵਾਲੀ ਕੀਤੀ, ਜਿਸ ਵਿੱਚ ਬਰੂਸ ਦਾ ਆਪਣਾ ਯੋਗਦਾਨ ਸਿਰਫ਼ 18 ਦੌੜਾਂ ਸੀ। ਨਿਊਜ਼ੀਲੈਂਡ ਨੇ ਆਖਰੀ ਪੰਜ ਓਵਰਾਂ ’ਚ 49 ਦੌੜਾਂ ਬਣਾਈਆਂ। ਉਧਰ ਮੈਚ ਦੌਰਾਨ ਭਾਰਤੀ ਟੀਮ ਦੀ ਫਿਲਡਿੰਗ ਕਾਫ਼ੀ ਖ਼ਰਾਬ ਰਹੀ ਤੇ ਕਈ ਕੈਚ ਵੀ ਛੁੱਟੇ। ਆਪਣਾ ਪਹਿਲਾ ਮੈਚ ਖੇਡ ਰਹੇ ਮੁਹੰਮਦ ਸਿਰਾਜ ਨੇ ਚਾਰ ਓਵਰਾਂ ’ਚ 13.25 ਦੀ ਔਸਤ ਨਾਲ 53 ਦੌੜਾਂ ਦਿੱਤੀਆਂ ਤੇ ਇਕ ਵਿਕਟ ਲਈ।