ਨਿਊਯਾਰਕ, ਦੁਨੀਆਂ ਦੀ ਸਾਬਕਾ ਨੰਬਰ ਇੱਕ ਖਿਡਾਰਨ ਮਾਰੀਆ ਸ਼ਾਰਾਪੋਵਾ ਨੇ ਡੋਪਿੰਗ ਕਾਰਨ 15 ਮਹੀਨੇ ਦੀ ਪਾਬੰਦੀ ਝੱਲਣ ਮਗਰੋਂ ਗ੍ਰੈਂਡ ਸਲੈਮ ’ਚ ਸ਼ਾਨਦਾਰ ਵਾਪਸੀ ਕਰਦਿਆਂ ਅਮਰੀਕੀ ਓਪਨ ਦੇ ਦੂਜੇ ਗੇੜ ’ਚ ਦੂਜਾ ਦਰਜਾ ਹਾਸਲ ਖਿਡਾਰੀ ਸਿਮੋਨਾ ਹਾਲੇਪ ਨੂੰ ਹਰਾਇਆ। ਸ਼ਾਰਾਪੋਵਾ ਨੇ ਹਾਲੇਪ ਨੂੰ 6-4, 4-6, 6-3 ਨਾਲ ਮਾਤ ਦਿੱਤੀ।
ਸ਼ਾਰਾਪੋਵਾ ਨੂੰ ਪਿਛਲੇ ਸਾਲ ਆਸਟਰੇਲਿਆਈ ਓਪਨ ਦੌਰਾਨ ਪਾਬੰਦੀਸ਼ੁਦਾ ਪਦਾਰਥ ਦੀ ਵਰਤੋਂ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਪਿਛਲੇ ਸਾਲ ਆਸਟਰੇਲਿਆਈ ਓਪਨ ਕੁਆਰਟਰ ਫਾਈਨਲ ’ਚ ਸੇਰੇਨਾ ਵਿਲੀਅਮਜ਼ ਤੋਂ ਹਾਰਨ ਮਗਰੋਂ ਇਹ ਉਸ ਦਾ ਪਹਿਲਾ ਗਰੈਂਡ ਸਲੈਮ ਮੈਚ ਸੀ। ਹੁਣ ਉਸ ਦਾ ਸਾਹਮਣਾ ਹੰਗਰੀ ਦੀ ਟਿਮੀਆ ਬਾਬੋਸ ਨਾਲ ਹੋਵੇਗਾ। ਹੋਰਨਾਂ ਮੁਕਾਬਲਿਆਂ ’ਚ ਵਿੰਬਲਡਨ ਚੈਂਪੀਅਨ ਸਪੇਨ ਦੀ ਗਾਰਬਾਈਨ ਮੁਗੂਰੁਜ਼ਾ ਨੇ ਅਮਰੀਕਾ ਦੀ ਵਾਰਵਰਾ ਲੇਪਚੇਂਕੋ ਨੂੰ 6-0, 6-3 ਨਾਲ ਹਰਾਇਆ। ਉੱਥੇ ਹੀ ਬਰਤਾਨੀਆ ਦੀ ਸੱਤਵਾਂ ਦਰਜਾ ਹਾਸਲ ਜੋਹਾਨਾ ਕੋਂਟਾ ਨੂੰ ਸਰਬੀਆ ਦੀ 78ਵੀਂ ਰੈਂਕਿੰਗ ਵਾਲੀ ਅਲੈਕਜ਼ੈਂਡਰਾ ਕਰੂਨਿਚ ਨੇ 4-6, 6-3, 6-4 ਨਾਲ ਮਾਤ ਦਿੱਤੀ।
ਕਰੋਏਸ਼ੀਆ ਦੀ ਪੰਜਵਾਂ ਦਰਜਾ ਹਾਸਲ ਮਾਰਿਨ ਸਿਲਿਚ ਨੇ ਅਮਰੀਕਾ ਦੀ ਟੈਨਿਸ ਸੈਂਡਗਰੇਨ ਨੂੰ 6-4, 6-3, 3-6, 6-3 ਨਾਲ ਹਰਾਇਆ। ਸੱਤ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਵੀਨਸ ਵਿਲੀਅਮਜ਼ ਨੇ ਸਲੋਵਾਕੀਆ ਦੀ 135ਵੀਂ ਰੈਂਕਿੰਗ ਵਾਲੀ ਵਿਕਟੋਰੀਆ ਕੁਜਮੋਵਾ ਨੂੰ 6-3, 3-6, 6-2 ਨਾਲ ਹਰਾਇਆ।