ਓਟਵਾ, ਮੈਰੀਜੁਆਨਾ ਦੇ ਕਾਨੂੰਨੀ ਦਾਇਰੇ ਵਿੱਚ ਆਉਣ ਤੋਂ ਬਾਅਦ ਉਸ ਦੀ ਵਿੱਕਰੀ ਤੇ ਵਰਤੋਂ ਬਾਰੇ ਪ੍ਰੋਵਿੰਸ ਕਿਹੋ ਜਿਹੀ ਨੀਤੀ ਅਪਣਾਉਂਦੇ ਹਨ ਇਸ ਵਿੱਚ ਫੈਡਰਲ ਸਰਕਾਰ ਨੇ ਕਿਸੇ ਕਿਸਮ ਦੀ ਦਖਲ ਨਾ ਦੇਣ ਦਾ ਫੈਸਲਾ ਕੀਤਾ ਹੈ।
ਪਿਛਲੇ ਹਫਤੇ ਓਨਟਾਰੀਓ ਅਜਿਹਾ ਪਹਿਲਾ ਪ੍ਰੋਵਿੰਸ ਬਣ ਗਿਆ ਸੀ ਜਿਸ ਨੇ ਕਾਨੂੰਨੀ ਦਾਇਰੇ ਵਿੱਚ ਆਉਣ ਤੋਂ ਬਾਅਦ ਮੈਰੀਜੁਆਨਾ ਸਬੰਧੀ ਆਪਣੀ ਯੋਜਨਾ ਦਾ ਖੁਲਾਸਾ ਕੀਤਾ ਸੀ। ਪ੍ਰੋਵਿੰਸ ਵੱਲੋਂ ਸਪਸ਼ਟ ਕੀਤਾ ਗਿਆ ਸੀ ਕਿ ਉਨ੍ਹਾਂ ਦੀ ਸ਼ਰਾਬ ਬਾਰੇ ਜਿਹੜੀ ਨੀਤੀ ਹੈ ਮੈਰੀਜੁਆਨਾ ਦੇ ਸਬੰਧ ਵਿੱਚ ਵੀ ਉਹੀ ਨੀਤੀ ਅਮਲ ਵਿੱਚ ਲਿਆਂਦੀ ਜਾਵੇਗੀ। ਓਨਟਾਰੀਓ ਦੇ ਲੀਕਰ ਕੰਟਰੋਲ ਬੋਰਡ ਵੱਲੋਂ ਚਲਾਏ ਜਾ ਰਹੇ 150 ਸਟੋਰਾਂ ਉੱਤੇ ਹੀ ਮੈਰੀਜੁਆਨਾ ਵੀ ਵੇਚੀ ਜਾਵੇਗੀ। ਮੈਰੀਜੁਆਨਾ 19 ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੀ ਵੇਚੀ ਜਾਵੇਗੀ ਤੇ ਇਸ ਦਾ ਸੇਵਨ ਲੋਕ ਆਪੋ ਆਪਣੇ ਘਰਾਂ ਵਿੱਚ ਹੀ ਘਰ ਸਕਣਗੇ।
ਇਸ ਪ੍ਰਸਤਾਵ ਉੱਤੇ ਕੁੱਝ ਐਕਟੀਵਿਸਟਸ ਤੇ ਰੀਟੇਲਰਜ਼ ਨੇ ਗੁੱਸਾ ਤੇ ਚਿੰਤਾ ਪ੍ਰਗਟਾਈ ਸੀ। ਉਨ੍ਹਾਂ ਇਹ ਚੇਤਾਵਨੀ ਵੀ ਦਿੱਤੀ ਸੀ ਕਿ ਓਨਟਾਰੀਓ ਦੇ ਇਸ ਪ੍ਰਸਤਾਵਿਤ ਮਾਡਲ ਕਾਰਨ ਸਪਲਾਈ ਸੀਮਿਤ ਹੋ ਜਾਵੇਗੀ ਤੇ ਇਸ ਸਬੰਧੀ ਕਾਲਾ ਬਾਜ਼ਾਰੀ ਖ਼ਤਮ ਕਰਨ ਵਿੱਚ ਕੋਈ ਮਦਦ ਨਹੀਂ ਮਿਲੇਗੀ। ਓਨਟਾਰੀਓ ਦੀ ਇਸ ਪ੍ਰਸਤਾਵਿਤ ਯੋਜਨਾ ਉੱਤੇ ਐਤਵਾਰ ਨੂੰ ਪਬਲਿਕ ਸੇਫਟੀ ਮੰਤਰੀ ਰਾਲਫ ਗੁਡੇਲ ਨੇ ਕਿਸੇ ਕਿਸਮ ਦੀ ਟੀਕਾ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਇਹ ਵੀ ਸਪਸ਼ਟ ਕਰ ਦਿੱਤਾ ਕਿ ਮੈਰੀਜੁਆਨਾ ਦੇ ਸਬੰਧ ਵਿੱਚ ਪ੍ਰੋਵਿੰਸਾਂ ਕਿਹੋ ਜਿਹੀ ਨੀਤੀ ਅਪਣਾਉਂਦੀਆਂ ਹਨ ਇਸ ਤੋਂ ਫੈਡਰਲ ਸਰਕਾਰ ਪਾਸੇ ਰਹੇਗੀ।
ਉਨ੍ਹਾਂ ਆਖਿਆ ਕਿ ਹਰੇਕ ਪ੍ਰੋਵਿੰਸ ਨੂੰ ਪੂਰਾ ਹੱਕ ਹੈ ਕਿ ਉਹ ਆਪਣੇ ਹਿਸਾਬ ਨਾਲ ਇਸ ਸਬੰਧੀ ਡਿਜ਼ਾਈਨ ਤਿਆਰ ਕਰਨ। ਹੋਰ ਪ੍ਰੋਵਿੰਸ ਵੀ ਜਲਦ ਹੀ ਓਨਟਾਰੀਓ ਵਾਂਗ ਆਪਣੀਆਂ ਸਿਫਾਰਿਸ਼ਾਂ ਦਾ ਖੁਲਾਸਾ ਕਰਨਗੇ। ਹੋ ਸਕਦਾ ਹੈ ਉਨ੍ਹਾਂ ਵਿੱਚੋਂ ਕਈ ਓਨਟਾਰੀਓ ਵਾਲੇ ਮਾਡਲ ਨੂੰ ਹੀ ਅਪਨਾਉਣ ਜਾਂ ਫਿਰ ਉਨ੍ਹਾਂ ਦੀ ਪਹੁੰਚ ਵੱਖਰੀ ਵੀ ਹੋ ਸਕਦੀ ਹੈ।
ਆਪਣਾ ਕੰਮ ਕਰਦੇ ਹੋਏ ਮਾਰੇ ਗਏ ਫਾਇਰਫਾਈਟਰਜ਼ ਦੇ ਸਬੰਧ ਵਿੱਚ ਓਟਵਾ ਵਿੱਚ ਰੱਖੇ ਇੱਕ ਸਮਾਰੋਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਡੇਲ ਨੇ ਆਖਿਆ ਕਿ ਮੈਰੀਜੁਆਨਾ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਉਣ ਦਾ ਮਕਸਦ ਇਸ ਨੂੰ ਨਾਬਾਲਗਾਂ ਤੇ ਸੰਗਠਿਤ ਜੁਰਮ ਤੋਂ ਦੂਰ ਰੱਖਣਾ ਹੈ। ਉਨ੍ਹਾਂ ਇਹ ਭਰੋਸਾ ਵੀ ਪ੍ਰਗਟਾਇਆ ਕਿ ਪ੍ਰੋਵਿੰਸ ਇਸ ਸਬੰਧ ਵਿੱਚ ਕੋਈ ਵੀ ਮਾਡਲ ਅਪਨਾਉਣ ਇਹ ਮਕਸਦ ਪੂਰਾ ਹੋ ਜਾਵੇਗਾ।