ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਨਾਲ ਤਾਇਨਾਤ ਵਿਸ਼ੇਸ਼ ਡਿਊਟੀ ਵਾਲੇ ਅਧਿਕਾਰੀ (ਓਐਸਡੀ) ਮੁੜ ਸਰਗਰਮ ਹੋ ਗਏ ਹਨ। ਤਿੰਨ ਮਹੀਨੇ ਪਹਿਲਾਂ ਇਨ੍ਹਾਂ ਅਧਿਕਾਰੀਆਂ ਨੂੰ ਅਗਲੇ ਹੁਕਮਾਂ ਤਕ ਮੁੱਖ ਮੰਤਰੀ ਦਫ਼ਤਰ(ਸੀਐਮਓ) ਵੱਲੋਂ ਜਾਰੀ ਹੁਕਮਾਂ ਦੀ ਤਾਮੀਲ ਕਰਨ ਤੋਂ ਵਰਜਦਿਆਂ ਮੁੱਖ ਮੰਤਰੀ ਦਾ ਸੰਗ ਮਾਨਣ ਤੋਂ ਵੀ ਰੋਕ ਦਿੱਤਾ ਗਿਆ ਸੀ। ਪਰ ਹੁਣ ਇਨ੍ਹਾਂ ਹੁਕਮਾਂ ਨੂੰ ਉਲਟਾਉਂਦਿਆਂ ਨਵੇਂ ਹੁਕਮਾਂ ਤਹਿਤ ਓਐਸਡੀ’ਜ਼ ਨੂੰ ਮੁੱਖ ਮੰਤਰੀ ਦੀ ਜ਼ਿਲ੍ਹਿਆਂ ਦੀ ਫ਼ੇਰੀ ਮੌਕੇ ਨਾਲ ਨਾਲ ਰਹਿਣ ਲਈ ਕਿਹਾ ਗਿਆ ਹੈ।
ਸਰਕਾਰ ਵਿਚਲੇ ਸੂਤਰਾਂ ਮੁਤਾਬਕ ਮੁੱਖ ਮੰਤਰੀ ਵੱਲੋਂ ਆਪਣੇ ਓਐਸਡੀ’ਜ਼ ਨਾਲ ਮਹੀਨੇ ’ਚ ਦੋ ਵਾਰ ਰਾਬਤਾ ਕੀਤਾ ਜਾਵੇਗਾ ਤਾਂ ਕਿ ਉਹ ਇਨ੍ਹਾਂ ਅਧਿਕਾਰੀਆਂ ਦੇ ਧਿਆਨ ਵਿੱੱਚ ਆਉਣ ਵਾਲੇ ਲੋਕ ਮੁੱਦਿਆਂ ਬਾਰੇ ਜਾਣਕਾਰੀ ਲੈ ਸਕਣ। ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਤਾਇਨਾਤ ਪੰਜ ਓਐਸਡੀ’ਜ਼ ’ਚੋਂ ਅੰਕਿਤ ਬਾਂਸਲ ਸਭ ਤੋਂ ਛੋਟੀ ਉਮਰ(24 ਸਾਲ) ਦਾ ਕਾਨੂੰਨ ਦਾ ਵਿਦਿਆਰਥੀ ਹੈ। ਹੋਰਨਾਂ ਚਾਰ ਵਿਸ਼ੇਸ ਡਿਊਟੀ ਵਾਲੇ ਅਧਿਕਾਰੀਆਂ ਵਿੱਚ ਗੁਰਪ੍ਰੀਤ ਸਿੰਘ ਉਰਫ਼ ਸੋਨੂੰ ਢੇਸੀ, ਜਗਦੀਪ ਸਿੰਘ ਸਿੱਧੂ, ਸੰਦੀਪ ਸਿੰਘ ਬਰਾੜ ਤੇ ਦਮਨਜੀਤ ਸਿੰਘ ਮੋਹੀ ਸ਼ਾਮਲ ਹਨ। ਸਿਆਸੀ ਨਿਯੁਕਤੀਆਂ ਵਜੋਂ ਤਾਇਨਾਤ ਇਨ੍ਹਾਂ ਅਧਿਕਾਰੀਆਂ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਦਫ਼ਤਰ ਅਲਾਟ ਕਰਨ ਦੇ ਨਾਲ ਨਾਲ ਕੁਝ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ। ਇਹ ਅਧਿਕਾਰੀ ਸਬੰਧਤ ਜ਼ਿਲ੍ਹਿਆਂ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਮਗਰੋਂ ਇਨ੍ਹਾਂ ਨੂੰ ਮੁੱਖ ਮੰਤਰੀ ਤੇ ਉਨ੍ਹਾਂ ਦੇ ਅਧਿਕਾਰੀਆਂ ਦੇ ਧਿਆਨ ’ਚ ਲਿਆਉਂਦੇ ਹਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਵਜੋਂ ਸੂੁਬੇ ਦੀ ਕਮਾਨ ਆਪਣੇ ਹੱਥਾਂ ’ਚ ਲੈਣ ਮਗਰੋਂ ਸੀਐਮ ਦੇ ਸਿਆਸੀ ਸਕੱਤਰਾਂ ’ਚ ਓਐਸਡੀ’ਜ਼ ਦੀਆਂ ਨਿਯੁਕਤੀਆਂ ਨੂੰ ਲੈ ਕੇ ਖਿੱਚੋਤਾਣ ਵੇਖਣ ਨੂੰ ਮਿਲੀ ਹੈ।