ਹੈਮਬਰਗ, ਭਾਰਤੀ ਮੁੱਕੇਬਾਜ਼ ਕਵਿੰਦਰ ਸਿੰਘ ਬਿਸ਼ਟ ਨੇ ਪੁਰਸ਼ਾਂ ਦੇ 56 ਕਿਲੋ ਗਰਾਮ ਭਾਰ ਵਰਗ ਦੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕਰ ਲਿਆ ਹੈ ਅਤੇ ਉਹ ਇੱਥੇ ਚੱਲ ਰਹੀ ਆਈਬਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਦੇਸ਼ ਲਈ ਤਗ਼ਮਾ ਪੱਕਾ ਕਰਨ ਤੋਂ ਇੱਕ ਕਦਮ ਦੂਰ ਹੈ। 24 ਸਾਲਾ ਕਵਿੰਦਰ ਨੇ ਦੋ ਵਾਰ ਦੇ ਵਿਸ਼ਵ ਚੈਂਪੀਅਨਸ਼ਿਪ ਜੇਤੂ ਅਲਜੀਰੀਆ ਦੇ ਮੁਹੰਮਦ ਫਿਲਸੀ ਨੂੰ 3-2 ਨਾਲ ਹਰਾ ਕੇ ਪੁਰਸ਼ਾਂ ਦੇ 56 ਕਿਲੋਗਰਾਮ ਭਾਰ ਵਰਗ ਦੇ ਕੁਆਰਟਰ ਫਾਈਨ ’ਚ ਥਾਂ ਬਣਾ ਲਈ ਹੈ। ਉਹ ਹੁਣ ਆਪਣੇ ਅਗਲੇ ਮੁਕਾਬਲੇ ’ਚ ਕੋਰੀਆ ਦੇ ਇਕਿਊ ਕਿਮ ਨਾਲ ਭਿੜੇਗਾ ਅਤੇ ਜੇਕਰ ਉਹ ਸੈਮੀ ਫਾਈਨਲ ’ਚ ਪਹੁੰਚਦਾ ਹੈ ਤਾਂ ਘੱਟ ਤੋਂ ਘੱਟ ਦੇਸ਼ ਲਈ ਕਾਂਸੀ ਦਾ ਤਗ਼ਮਾ ਪੱਕਾ ਕਰ ਲਵੇਗਾ। ਕਵਿੰਦਰ ਤੋਂ ਇਲਾਵਾ 56 ਕਿਲੋਗਰਾਮ ਭਾਰ ਵਰਗ ’ਚ ਗੌਰਵ ਬਿਧੂੜੀ ਤੇ 49 ਕਿਲੋਗਰਾਮ ਵਰਗ ’ਚ ਅਮਿਤ ਪੰਘਾਲ ਵੀ ਆਪੋ ਆਪਣੇ ਕੁਆਰਟਰ ਫਾਈਨਲ ਮੁਕਾਬਲਿਆਂ ’ਚ ਉੱਤਰਨਗੇ। ਬਿਧੂੜੀ ਦਾ ਅਗਲਾ ਮੁਕਾਬਲਾ ਟਿਊਨੀਸ਼ੀਆ ਦੇ ਮੁੱਕੇਬਾਜ਼ ਬਿਲੇਲ ਮਹਿਮਾਦੀ ਨਾਲ ਹੋਵੇਗਾ ਜਦਕਿ ਪੰਘਾਲ ਦੇ ਸਾਹਮਣੇ 2016 ਰੀਓ ਓਲੰਪਿਕ ਦੇ ਸੋਨ ਤਗ਼ਮਾ ਜੇਤੂ ਉਜਬੇਕਿਸਤਾਨ ਦੇ ਹਸਨਬੌਇ ਦੁਸਮਾਤੋਵ ਦੀ ਚੁਣੌਤੀ ਰਹੇਗੀ। ਕਵਿੰਦਰ ਨੇ ਆਖਰੀ ਅੱਠਾਂ ’ਚ ਪਹੁੰਚਣ ਮਗਰੋਂ ਕਿਹਾ, ‘ਮੈਂ ਆਪਣੀ ਬਾਉਟ ਦੇ ਨਤੀਜੇ ਤੋਂ ਸੰਤੁਸ਼ਟ ਹਾਂ। ਅਸੀਂ ਆਪਣੇ ਵਿਰੋਧੀ ਖਿਡਾਰੀ ਦੀ ਚੰਗੀ ਤਰ੍ਹਾਂ ਸਮੀਖਿਆ ਕੀਤੀ ਅਤੇ ਮੈਨੂੰ ਪਤਾ ਸੀ ਕਿ ਉਸ ਦਾ ਸਾਹਮਣਾ ਕਿਵੇਂ ਕਰਨਾ ਹੈ। ਮੈਂ ਆਪਣੀ ਇਹ ਜਿੱਤ ਕੋਚਿੰਗ ਸਟਾਫ਼ ਤੇ ਬੀਐਫਆਈ ਨੂੰ ਸਮਰਪਿਤ ਕਰਦਾ ਹਾਂ, ਜਿਨ੍ਹਾਂ ਮੇਰੇ ’ਤੇ ਭਰੋਸਾ ਜਤਾਇਆ।’
ਉੱਤਰਾਖੰਡ ਦੇ ਮੁੱਕੇਬਾਜ਼ ਨੇ ਅਗਲੇ ਮੈਚ ਨੂੰ ਲੈ ਕੇ ਵੀ ਉਤਸ਼ਾਹ ਜ਼ਾਹਰ ਕੀਤਾ। ਉਸ ਨੇ ਕਿਹਾ ਕਿ ਉਹ ਜਾਣਦਾ ਹੈ ਕਿ ਕਿਮ  ਦੀ ਚੁਣੌਤੀ ਸਖਤ ਹੋਵੇਗੀ, ਪਰ ਉਸ ਕੋਲ ਕਿਮ ਦਾ ਸਾਹਮਣਾ ਕਰਨ ਦੀ ਚੰਗੀ ਯੋਜਨਾਬੰਦੀ ਹੈ।