ਔਟਵਾ— ਜੁਲਾਈ 2018 ‘ਚ ਮਰੀਜੁਆਨਾ ਨੂੰ ਕਾਨੂੰਨੀ ਮਾਨਤਾ ਦਿੱਤੇ ਜਾਣ ਪਿੱਛੋਂ ਪੈਦਾ ਹੋਣ ਵਾਲੇ ਹਾਲਾਤ ਨਜਿੱਠਣ ਲਈ ਕੈਨੇਡਾ ਪੁਲਸ ਬਿਲਕੁਲ ਤਿਆਰ ਨਹੀਂ ਹੈ ਜਿਸ ਨੂੰ ਵੇਖਿਦਿਆਂ ਇਹ ਫੈਸਲਾ ਮੁਲਤਵੀ ਕਰ ਦਿੱਤਾ ਜਾਣਾ ਚਾਹੀਦਾ ਹੈ। ਇਹ ਅਪੀਲ ਹਾਊਸ ਆਫ ਕਾਮਨਜ਼ ਦੀ ਸਿਹਤ ਕਮੇਟੀ ਅੱਗੇ ਪੇਸ਼ ਹੋਏ ਦਰਜਨਾਂ ਪੁਲਸ ਅਧਿਕਾਰੀਆਂ ਨੇ ਕੀਤੀ ਜਿਨ੍ਹਾਂ ‘ਚ ਕੈਨੇਡਾ ਦੇ ਵੱਖ-ਵੱਖ ਪੁਲਸ ਮਹਿਕਮਿਆਂ ਦੇ ਮੁੱਖੀ ਅਤੇ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਸ ਤੇ ਸਸਕਾਟਨ ਪੁਲਸ ਸੇਵਾ ਦੇ ਅਧਿਕਾਰੀ ਸ਼ਾਮਲ ਸਨ।
ਉਨ੍ਹਾਂ ਕਿਹਾ ਕਿ ਪੁਲਸ ਅਫਸਰਾਂ ਨੂੰ ਨਵੇਂ ਕਾਨੂੰਨ ਬਾਰੇ ਸ਼ਿਖਲਾਈ ਦੇਣ ਵਾਸਤੇ ਸਮਾਂ ਚਾਹੀਦਾ ਹੈ ਅਤੇ ਸੜਕਾਂ ‘ਤੇ ਨਸ਼ੇ ਦੀ ਹਾਲਤ ‘ਚ ਗੱਡੀ ਚਲਾਉਣ ਵਾਲਿਆਂ ਦੀ ਜਾਂਚ ਲਈ ਦੁੱਗਣੀ ਗਿਣਤੀ ‘ਚ ਅਫਸਰਾ ਜ਼ਰੂਰਤ ਹੋਵੇਗੀ। ਇਸ ਤੋਂ ਇਲਾਵਾ ਲੋਕਾਂ ਨੂੰ ਮਰੀਜੁਆਨਾ ਕਾਨੂੰਨ ਬਾਰੇ ਜਾਣੂ ਕਰਵਾਉਣ ‘ਚ ਵੀ ਕਾਫੀ ਸਮਾਂ ਲੱਗੇਗਾ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਸ ਦੇ ਡੀਪਟੀ ਕਮਿਸ਼ਨਰ ਰਿਕ ਬਾਰਨਮ ਨੇ ਕਿਹਾ ਕਿ ਜੇ ਸਰਕਾਰ ਆਪਣਾ ਫੈਸਲਾ ਅੱਗੇ ਨਹੀਂ ਪਾਉਂਦੀ ਤਾਂ 6 ਮਹੀਨੇ ਤੋਂ 1 ਸਾਲ ਦਾ ਸਮਾਂ ਅਜਿਹਾ ਹੋਵੇਗਾ ਜਿਥੇ ਪੁਲਸ ਦੀ ਤਿਆਰੀ ਨਹੀ ਹੋਵੇਗੀ ਅਤੇ ਅਪਰਾਧ ਵੱਧੇਗਾ। ਪੁਲਸ ਇਹ ਵੀ ਚਾਹੁੰਦੀ ਹੈ ਕਿ ਸਰਕਾਰ ਘਰ ‘ਚ ਚਾਰ ਬੂਟੇ ਲਾਉਣ ਦੀ ਇਜਾਜ਼ਤ ‘ਤੇ ਵੀ ਮੁੜ ਗੌਰ ਕਰੇ ਕਿਉਂਕਿ ਇਸ ਤਰੀਕੇ ਨਾਲ ਸਾਰੇ ਲੋਕਾਂ ‘ਤੇ ਨਜ਼ਰ ਰੱਖਣਾ ਹੋਰ ਵੀ ਔਖਾ ਹੋ ਜਾਵੇਗਾ ਅਤੇ ਨੌਜਵਾਨਾਂ ਨੂੰ ਮਰੀਜੁਆਨਾ ਹਾਸਲ ਕਰਨ ਦਾ ਸੌਖਾ ਰਾਹ ਵੀ ਲੱਭ ਜਾਵੇਗਾ ਬਾਰਨਮ ਨੇ ਦੱਸਿਆ ਕਿ ਕੈਨੇਡਾ ਐਸੋਸੀਏਸ਼ਨ ਨੇ ਪਿਛਲੇ ਦਿਨੀਂ ਫੈਡਰਲ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਮਰੀਜੁਆਨਾ ਬਾਰੇ ਫੈਸਲਾ ਲਾਗੂ ਕਰਨ ਦੀ ਤਰੀਕ ਅੱਗੇ ਪਾ ਦਿੱਤੀ ਜਾਵੇ।
ਪੁਲਸ ਵੱਲੋਂ ਕੀਤੀ ਗਈ ਅਪੀਲ ਦਰਮਿਆਨ ਉਨਟਾਰੀਓ ਸਰਕਾਰ ਨੇ ਮਰੀਜੁਆਨਾ ਦੀ ਵਿਕਰੀ ਅਤੇ ਵਰਤੋਂ ਬਾਰੇ ਯੋਜਨਾ ਦਾ ਵੀ ਐਲਾਨ ਕਰ ਦਿਤਾ ਜਿਸ ਤਹਿਤ ਇਸ ਦੀ ਵਿਕਰੀ 150 ਸਟੋਰਾਂ ਰਾਹੀਂ ਕੀਤੀ ਜਾਵੇਗੀ। ਮਰੀਜੁਆਨਾ ਦੀ ਆਨਲਾਈਨ ਵਿਕਰੀ ਜੁਲਾਈ 2018 ਤੋਂ ਹੀ ਸ਼ੁਰੂ ਹੋ ਜਾਵੇਗੀ। ਮਰੀਜੁਆਨਾ ਦੀ ਵਿਕਰੀ ਸਬੰਧੀ ਯੋਜਨਾ ਪੇਸ਼ ਕਰਨ ਵਾਲਾ ਉਨਟਾਰੀਓ, ਕੈਨੇਡਾ ਦਾ ਪਹਿਲਾ ਸੂਬਾ ਬਣ ਗਿਆ ਹੈ। ਸੂਬਾ ਸਰਕਾਰ ਦੀ ਯੋਜਨਾ ਤਹਿਤ ਮਰੀਜੁਆਨਾ ਅਤੇ ਸ਼ਰਾਬ ਦੀ ਵਿਕਰੀ ਇਕੋ ਥਾਂ ‘ਤੇ ਨਹੀਂ ਕੀਤੀ ਜਾਵੇਗੀ। ਲੀਕੁਅਰ ਕੰਟਰੋਲ ਬੋਰਡ ਮਰੀਜੁਆਨਾ ਦੀ ਕਾਨੂੰਨੀ ਵਿਕਰੀ ਦੀ ਨਿਗਰਾਨੀ ਕਰੇਗਾ। ਇਸ ਤੋਂ ਇਲਾਵਾ ਉਨਟਾਰੀਓ ਦੇ ਲੋਕਾਂ ਨੂੰ ਜਨਤਕ ਥਾਵਾਂ, ਕਾਰਾਂ ਅਤੇ ਕੰਮ ਵਾਲੇ ਸਥਾਨਾਂ ‘ਤੇ ਮਰੀਜੁਆਨਾ ਦੀ ਵਰਤੋਂ ਕਰਨ ਦਾ ਹੱਕ ਨਹੀਂ ਹੋਵੇਗਾ। ਸੁਬੇ ਦੇ ਲੋਕ ਸਿਰਫ ਆਪਣੇ ਘਰਾਂ ‘ਚ ਹੀ ਮਰੀਜੁਆਨਾ ਦਾ ਇਸਤੇਮਾਲ ਕਰ ਸਕਣਗੇ। ਜੇ 19 ਸਾਲ ਤੋਂ ਘੱਟ ਉਮਰ ਦੇ ਕਿਸੇ ਵਿਅਕਤੀ ਕੋਲੋਂ ਮਰੀਜੁਆਨਾ ਮਿਲਦਾ ਹੈ ਤਾਂ ਪੁਲਸ ਨੂੰ ਜਬਤ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਕੈਨੇਡਾ ‘ਚ 2018 ਤੋਂ ਮਰੀਜੁਆਨਾ ਨੂੰ ਤਾਨੂੰਨੀ ਮਾਨਤਾ ਦਿੱਤੀ ਜਾਣੀ ਹੈ ਜਿਸ ਨਾਲ ਸਾਰੇ ਬਾਲਗਾਂ ਨੂੰ ਆਪਣੇ ਕੋਲ 30 ਗ੍ਰਾਮ ਮਰੀਜੁਆਨਾ ਰੱਖਣ ਦਾ ਇਜ਼ਾਜਤ ਮਿਲ ਜਾਵੇਗੀ ਜੱਦਕਿ ਹਰ ਘਰ ‘ਚ ਇਸ ਦੇ ਚਾਰ ਬੂਟੇ ਲਾਏ ਜਾਣਗੇ। ਮਰੀਜੁਆਨਾ ਦੀ ਵਿਕਰੀ ਕਿਸ ਤਰੀਕੇ ਨਾਲ ਕੀਤੀ ਜਾਵੇ, ਇਸ ਦਾ ਫੈਸਲਾ ਸੂਬਾ ਸਰਕਾਰਾਂ ਆਪਣੇ ਤੌਰ ‘ਤੇ ਕਰਨ ਗਿਆ।