ਮਾਨਸਾ, 28 ਅਗਸਤ
ਮਾਨਸਾ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਡੇਰਾ ਸੱਚਾ ਸੌਦਾ ਸਿਰਸਾ ਦੇ ਸਮੱਰਥਕ ਸ਼ਰਾਰਤੀ ਅਨਸਰਾਂ ਵੱਲੋਂ ਦੋ ਦਿਨ ਪਹਿਲਾਂ ਜ਼ਿਲ੍ਹੇ ਅੰਦਰ ਕੁੱਲ 8 ਥਾਵਾਂ ‘ਤੇ ਭੰਨ-ਤੋੜ ਕਰਕੇ ਅੱਗਜ਼ਨੀ ਕੀਤੀ ਗਈ। ਪੁਲੀਸ ਦਾ ਕਹਿਣਾ ਹੈ ਕਿ ਦੋ ਦਿਨਾਂ ਵਿੱਚ ਦਰਜ ਹੋਏ 8 ਮੁਕੱਦਮਿਆਂ ਨੂੰ ਟਰੇਸ ਕਰਕੇ 21 ਵਿਅਕਤੀਆਂ ਨੂੰ ਨਾਜ਼ਮਦ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 21 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਰਹਿੰਦੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ। ਇਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਫੜੇ ਗਏ ਵਿਅਕਤੀਆਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਜਿਨ੍ਹਾਂ ਦੀ ਪੁੱਛ-ਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਪੁਲੀਸ ਵੱਲੋਂ ਜਾਰੀ ਕੀਤੇ ਪ੍ਰੈਸ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਮਾਨਸਾ ਜ਼ਿਲ੍ਹੇ ਵਿੱਚ ਵਾਪਰੀਆਂ ਇਨ੍ਹਾਂ ਘਟਨਾਵਾਂ ਵਿੱਚ ਥਾਣਾ ਕੋਟ ਧਰਮੂ ਦੇ ਪਿੰਡ ਮੂਸਾ ਵਿਖੇ ਹਮਾਰਾ ਪੈਟਰੋਲ ਪੰਪ ਨੂੰ ਅੱਗ ਲਗਾਉਣ, ਪਿੰਡ ਚਹਿਲਾਂ ਵਾਲਾ ਥਾਣਾ ਜੌੜਕੀਆ ਵਿਖੇ ਸੇਵਾ ਕੇਂਦਰ ਨੂੰ ਅੱਗ ਲਗਾਉਣ, ਪਿੰਡ ਬਣਾਂਵਾਲਾ ਥਾਣਾ ਜੌੜਕੀਆਂ ਵਿਖੇ ਪੈਟਰੋਲ ਪੰਪ ਮਸ਼ੀਨਾਂ ਦੀ ਭੰਨ-ਤੋੜ ਕਰਨ, ਥਾਣਾ ਸਿਟੀ-2 ਮਾਨਸਾ ਦੇ ਇਨਕਮ ਟੈਕਸ ਦਫਤਰ ਵਿੱਚ ਦੋ ਕਾਰਾਂ ਨੂੰ ਅੱਗ ਲਗਾ ਕੇ ਸਾੜਨ, ਪਿੰਡ ਬਖਸ਼ੀਵਾਲਾ ਥਾਣਾ ਬਰੇਟਾ ਵਿਖੇ ਟੈਲੀਫੋਨ ਐਕਸਚੇਂਜ ਨੂੰ ਅੱਗ ਲਗਾਉਣ, ਥਾਣਾ ਭੀਖੀ ਦੇ ਪਿੰਡ ਮੱਤੀ ਦੇ ਬਿਜਲੀ ਗਰਿੱਡ ਵਿਖੇ ਮਾਰ ਦੇਣ ਦੀ ਨੀਯਤ ਨਾਲ ਅੱਗ ਲਗਾਉਣ, ਪਿੰਡ ਹੋਡਲਾਂ ਕਲਾ ਥਾਣਾ ਭੀਖੀ ਵਿਖੇ ਸੇਵਾ ਕੇਂਦਰ ਨੂੰ ਅੱਗ ਲਗਾਉਣ ਅਤੇ ਬਿਜਲੀ ਗਰਿੱਡ ਦਾਤੇਵਾਸ ਥਾਣਾ ਸਦਰ ਬੁਢਲਾਡਾ ਵਿਖੇ ਅੱਗ ਲਗਾਉਣ ਅਤੇ ਭੰਨ-ਤੋੜ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦਰਜ ਹੋਏ ਇਨ੍ਹਾਂ ਅਨਟਰੇਸ ਮੁਕੱਦਮਿਆਂ ਨੂੰ ਟਰੇਸ ਕਰਨ ਲਈ ਤਫਤੀਸ਼ ਕੀਤੀ ਗਈ।
ਮੁਲਜ਼ਮਾਂ ਦਾ ਪੁਲੀਸ ਰਿਮਾਂਡ
ਭੀਖੀ : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਦੇ ਮੱਤੀ ਸਥਿਤ ਗਰਿੱਡ ਵਿੱਚ ਰੋੜੇ ਮਾਰਕੇ ਸ਼ੀਸ਼ੇ ਭੰਨਣ ਵਾਲੇ ਅਤੇ ਇਕ ਜੇ.ਈ ਦੀ ਖੜ੍ਹੀ ਕਾਰ ਦੇ ਸ਼ੀਸ਼ੇ ਤੋੜਨ ਦੇ ਮਾਮਲੇ ਵਿੱਚ ਭੀਖੀ ਪੁਲੀਸ ਨੇ ਜਗਦੇਵ ਸਿੰਘ ਵਾਸੀ ਭੀਖੀ, ਗੁਰਪ੍ਰੀਤ ਸਿੰਘ ਵਾਸੀ ਸਮਾਓ, ਪੰਕਜ ਕੁਮਾਰ ਤੇ ਰਸ਼ਦੀਪ ਸਿੰਘ ਵਾਸੀ ਅਤਲਾ ਖੁਰਦ ਨੂੰ ਨਾਮਜ਼ਦ ਕਰਕੇ ਉਨ੍ਹਾਂ ਦਾ ਦੋ ਦਿਨਾਂ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਪੁਲੀਸ ਅਨੁਸਾਰ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ਵਿਅਕਤੀਆਂ ਨੂੰ ਅੱਜ ਮਾਨਸਾ ਦੇ ਡਿਊਟੀ ਮੈਜਿਸਟ੍ਰੇਟ ਅਰਵਿੰਦਰ ਪਾਲ ਸਿੰਘ ਦੀ ਅਦਾਲਤ ਵਿੱਚ ਪੇਸ਼ ਕਰ ਕੇ ਪੰਜ ਦਿਨਾਂ ਦਾ ਪੁਲੀਸ ਰਿਮਾਂਡ ਮੰਗਿਆ ਗਿਆ ਪਰ ਅਦਾਲਤ ਨੇ ਇਨ੍ਹਾਂ ਵਿਅਕਤੀਆਂ ਦਾ ਦੋ ਦਿਨਾਂ ਦੇ ਰਿਮਾਂਡ ਦਿੱਤਾ ਅਤੇ ਮੁੜ 29 ਅਗਸਤ ਨੂੰ ਪੇਸ਼ ਹੋਣ ਲਈ ਆਦੇਸ਼ ਦਿੱਤੇ ਗਏ। ਉਧਰ ਮਾਨਸਾ ਦੇ ਵਨ-ਵੇ ਟਰੈਫਿਕ ਰੋਡ ਸਥਿਤ ਇਨਕਮ ਟੈਕਸ ਦੇ ਦਫਤਰ ਵਿੱਚ ਦੋ ਕਾਰਾਂ ਨੂੰ ਸਾੜਨ ਦੇ ਮਾਮਲੇ ਵਿੱਚ ਸਿਟੀ-2 ਦੀ ਪੁਲੀਸ ਨੇ 15 ਵਿਅਕਤੀਆਂ ਨੂੰ ਨਾਮਜ਼ਦ ਕੀਤਾ। ਵਾਰਡ ਨੰਬਰ-13 ਦੇ ਕੁਲਦੀਪ ਸਿੰਘ ਨਾਮੀ ਵਿਅਕਤੀ ਦਾ ਦੋ ਦਿਨਾਂ ਪੁਲੀਸ ਰਿਮਾਂਡ ਹਾਸਿਲ ਕੀਤਾ ਹੈ।