ਕਿਊਬਿਕ — ਬੁੱਧਵਾਰ ਨੂੰ ਕੈਨੇਡਾ ਦੇ ਸੂਬੇ ਕਿਊਬਿਕ ‘ਚ ਵਿਧਾਨਸਭਾ ਦੇ ਲੰਮੇਂ ਸਮੇਂ ਤੋਂ ਮੈਂਬਰ ਰਹੇ 65 ਸਾਲਾ ਗਾਇ ਆਓਲੈੱਟ ਨੂੰ ਸੂਬੇ ਦੀ ਭ੍ਰਿਸ਼ਟਾਚਾਰ ਵਿਰੋਧੀ ਯੂਨਿਟ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੇ ਲਗਭਗ ਤਿੰਨ ਦਹਾਕਿਆਂ ਤੱਕ ਸੂਬਾ ਪੁਲਸ ‘ਚ ਸੇਵਾ ਨਿਭਾਈ ਹੈ। ਸੂਤਰਾਂ ਮੁਤਾਬਕ ਗਾਇ ਆਓਲੈੱਟ ਨੂੰ ਕਿਊਬਿਕ ਦੀ ਭ੍ਰਿਸ਼ਟਾਚਾਰ ਵਿਰੋਧੀ ਯੂਨਿਟ (ਯੂ.ਪੀ.ਏ.ਸੀ.) ਵੱਲੋਂ ਇੱਕ ਜਾਂਚ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇਹ ਗ੍ਰਿਫਤਾਰੀ ਅਪ੍ਰੈਲ ਵਿੱਚ ਲੀਕ ਹੋਈ ਖਾਸ ਜਾਣਕਾਰੀ ਦੇ ਆਧਾਰ ਉੱਤੇ ਕੀਤੀ ਗਈ ਹੈ। ਸਾਬਕਾ ਲਿਬਰਲ ਆਗੂ ਜੀਨ ਚਾਰੈਸਟ ਦੀ ਅਗਵਾਈ ਤਹਿਤ ਪਾਰਟੀ ‘ਚ ਹੋਏ ਕਥਿਤ ਗੈਰ-ਕਾਨੂੰਨੀ ਲੈਣ-ਦੇਣ ਦੀ ਚੱਲ ਰਹੀ ਜਾਂਚ ਨਾਲ ਹੀ ਇਹ ਗ੍ਰਿਫਤਾਰੀ ਵੀ ਜੁੜੀ ਹੋਈ ਹੈ। ਯੂ.ਪੀ.ਏ.ਸੀ. ਸੰਸਥਾ ‘ਚੋਂ ਹੀ ਲੀਕ ਹੋਈ ਜਾਣਕਾਰੀ ਦੇ ਅਧਾਰ ਉੱਤੇ ਇਹ ਜਾਂਚ ਹੋਈ।
ਅਪ੍ਰੈਲ ਵਿੱਚ ਲੀਕ ਹੋਈ ਜਾਣਕਾਰੀ ਮੁਤਾਬਕ ਯੂ.ਪੀ.ਏ.ਸੀ. ਸਾਬਕਾ ਪ੍ਰੀਮੀਅਰ ਜੀਨ ਚਾਰੈਸਟ ਦੇ ਸੱਤਾ ‘ਚ ਆਉਣ ਤੇ ਜਾਣ ਤੋਂ ਇਲਾਵਾ ਲਿਬਰਲ ਫੰਡਰੇਜ਼ਰ ਮਾਰਕ ਬਿਬਿਊ ਬਾਰੇ ਵੀ ਜਾਂਚ ਕਰ ਰਹੀ ਹੈ। ਨਵੀਂ ਆਰਗੇਨਾਈਜ਼ੇਸ਼ਨ ਨੇ 2011 ਤੋਂ ਲੈ ਕੇ ਹੁਣ ਤੱਕ ਬਿਬਿਊ, ਪ੍ਰੀਮੀਅਰ ਫਿਲਿਪ ਕੋਇਲਾਰਡ ਦੇ ਸਾਬਕਾ ਚੀਫ ਆਫ ਸਟਾਫ ਜੀਨ ਲੁਈ ਡਫਰੈਸਨ ਅਤੇ ਚਾਰੈਸਟ ਦੇ ਬੁਲਾਰੇ ਹੂਗੋ ਡੀਆਮਰ ਦਰਮਿਆਨ ਈ-ਮੇਲਾਂ ਰਾਹੀਂ ਹੋਈਆਂ ਗੱਲਾਂ ਬਾਰੇ ਜਾਣਕਾਰੀ ਦਿੱਤੀ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਇਨ੍ਹਾਂ ਸਾਰਿਆਂ ਵੱਲੋਂ ਮਾਂਟਰੀਅਲ ‘ਚ ਸਥਿਤ ਇੱਕ ਪੁਲ ਦੀ ਮੁਰੰਮਤ ਸਬੰਧੀ ਠੇਕੇ ਬਾਰੇ ਚਰਚਾ ਹੋਈ ਹੈ।
ਆਓਲੈੱਟ ਵੱਲੋਂ ਲੀਕ ਹੋਈ ਸਾਰੀ ਜਾਣਕਾਰੀ ਤੋਂ ਇਨਕਾਰ ਕੀਤਾ ਗਿਆ। 2007 ਤੋਂ ਮਾਂਟਰੀਅਲ ਦੇ ਹਲਕੇ ਕੋਮੇਡੇ ਦੇ ਨੁਮਾਇੰਦੇ ਰਹੇ ਗਾਇ ਆਓਲੈੱਟ ਉਸ ਵਿਧਾਨਸਭਾ ਕਮੇਟੀ ਦੇ ਮੁਖੀ ਵੀ ਸਨ, ਜਿਸ ਨੇ ਪਿੱਛੇ ਜਿਹੇ ਲੀਕ ਹੋਈ ਜਾਣਕਾਰੀ ਦੀ ਸੁਣਵਾਈ ਕੀਤੀ ਸੀ।