ਨਾਗਪੁਰ, ਭਾਰਤ ਤੇ ਆਸਟਰੇਲੀਆ ਵਿਚਾਲੇ ਅੱਜ ਇੱਥੇ ਖੇਡੇ ਗਏ ਇੱਕ ਰੋਜ਼ਾ ਮੈਚਾਂ ਦੀ ਲੜੀ ਦੀ ਪੰਜਵੇਂ ਤੇ ਆਖਰੀ ਮੈਚ ’ਚ ਆਸਟਰੇਲੀਆ ਨੇ 50 ਓਵਰਾਂ ’ਚ 9 ਵਿਕਟਾਂ ਦੇ ਨੁਕਸਾਨ ’ਤੇ 242 ਦੌੜਾਂ ਬਣਾਈਆਂ ਜਿਸ ਦੇ ਜਵਾਬ ’ਚ ਭਾਰਤ ਨੇ 42.5 ਓਵਰਾਂ ’ਚ ਤਿੰਨ ਵਿਕਟਾਂ ਦੇ ਨੁਕਸਾਨ ’ਤੇ 243 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੇ ਸ਼ਾਨਦਾਰ ਸੈਂਕੜੇ ਦੀ ਮਦਦ ਨਾਲ ਭਾਰਤ ਨੇ ਮੈਚ ਜਿੱਤ ਕੇ ਲੜੀ ’ਚ 4-1 ਦੀ ਲੀਡ ਹਾਸਲ ਕਰਨ ਦੇ ਨਾਲ ਹੀ ਆਈਸੀਸੀ ਰੈਂਕਿੰਗ ’ਚ ਨੰਬਰ ਇੱਕ ਦੇ ਤਖ਼ਤ ’ਤੇ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ। ਰੋਹਿਤ ਸ਼ਰਮਾ (125) ਤੇ ਅਜਿੰਕਿਆ ਰਹਾਣੇ ਨੇ (61) 124 ਦੌੜਾਂ ਦੀ ਭਾਈਵਾਲੀ ਕੀਤੀ ਜੋ ਲਗਾਤਾਰ ਉਨ੍ਹਾਂ ਦੀ ਤੀਜੀ ਸੈਂਕੜੇ ਦੀ ਭਾਈਵਾਲੀ ਹੈ। ਰੋਹਿਤ ਨੇ ਕਪਤਾਨ ਵਿਰਾਟ ਕੋਹਲੀ (39) ਨਾਲ ਮਿਲ ਕੇ ਵੀ 99 ਦੌੜਾਂ ਦੀ ਭਾਈਵਾਲੀ ਕੀਤੀ। ਮਨੀਸ਼ ਪਾਂਡੇ ਨੇ ਜੇਤੂ ਚੌਕਾ ਲਾਇਆ। ਰੋਹਿਤ ਨੇ ਨਾ ਸਿਰਫ਼ ਇਸ ਮੈਚ ’ਚ ਆਪਣਾ 14ਵਾਂ ਸੈਂਕੜਾ ਪੂਰਾ ਕੀਤਾ ਬਲਕਿ ਇੱਕ ਰੋਜ਼ਾ ਕ੍ਰਿਕਟ ’ਚ ਛੇ ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲਾ ਨੌਵਾਂ ਭਾਰਤੀ ਬੱਲੇਬਾਜ਼ ਵੀ ਬਣ ਗਿਆ ਹੈ। ਇਸ ਤੋਂ ਪਹਿਲਾਂ ਖੱਬੇ ਹੱਥ ਦੇ ਸਪਿੰਨਰ ਅਕਸ਼ਰ ਪਟੇਲ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ’ਤੇ ਭਾਰਤ ਨੇ ਆਸਟਰੇਲੀਆ ਨੂੰ ਨੌਂ ਵਿਕਟਾਂ ਦੇ ਨੁਕਸਾਨ ’ਤੇ 242 ਦੌੜਾਂ ’ਤੇ ਹੀ ਰੋਕ ਦਿੱਤਾ। ਆਸਟਰੇਲਿਆਈ ਟੀਮ ਇੱਕ ਵਾਰ ਫਿਰ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ’ਚ ਨਹੀਂ ਬਦਲ ਸਕੀ। ਡੇਵਿਡ ਵਾਰਨਰ (53) ਤੇ ਐਰੋਨ ਫਿੰਚ (32) ਵੱਡੀਆਂ ਪਾਰੀਆਂ ਖੇਡਣ ’ਚ ਨਾਕਾਮ ਰਹੇ। ਪਟੇਲ ਨੇ 38 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਜੋ ਇੱਕ ਰੋਜ਼ਾ ’ਚ ਉਸ ਦਾ ਦੂਜਾ ਸਰਵੋਤਮ ਪ੍ਰਦਰਸ਼ਨ ਹੈ। ਜਸਪ੍ਰੀਤ
ਬਮਰਾ ਨੇ ਡੈੱਥ ਓਵਰਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 51 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ। ਭਾਰਤ ਨੇ ਪਿਛਲੇ ਮੈਚ ’ਚ ਰਾਖਵੇਂ ਗੇਂਦਬਾਜ਼ਾਂ
ਉਮੇਸ਼ ਯਾਦਵ ਤੇ ਮੁਹੰਮਦ ਸ਼ਮੀ ਨੂੰ ਮੌਕਾ ਦਿੱਤਾ ਸੀ, ਪਰ ਅੱਜ ਪੂਰੀ ਮਜ਼ਬੂਤ ਟੀਮ ਨੂੰ ਮੈਦਾਨ ’ਚ ਉਤਾਰਿਆ। ਸਪਿੰਨ ਗੇਂਦਬਾਜ਼ੀ ’ਚ ਅਕਸ਼ਰ ਪਟੇਲ ਤੇ ਕੁਲਦੀਪ ਯਾਦਵ ਨੇ ਮੋਰਚਾ ਸਾਂਭਿਆ। ਭੁਵਨੇਸ਼ਵਰ ਨੇ ਪਹਿਲੇ ਸਪੈੱਲ ’ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਜਦਕਿ ਬਮਰਾ ਦਾ ਪਹਿਲਾ ਸਪੈੱਲ ਖਰਾਬ ਰਿਹਾ। ਕਪਤਾਨ ਸਟੀਵ ਸਮਿੱਥ ਨੇ ਲਗਾਤਾਰ ਤੀਜੇ ਮੈਚ ’ਚ ਟੌਸ ਜਿੱਤ ਦੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ। ਟਰੇਵਿਸ ਹੈੱਡ ਨੇ 42 ਤੇ ਮਾਰਕਸ ਸਟੋਇਨਿਸ ਨੇ 46 ਦੌੜਾਂ ਬਣਾਈਆਂ। ਰੋਹਿਤ ਸ਼ਰਮਾ ਨੂੰ ਪਲੇਅਰ ਆਫ ਦਿ ਮੈਚ ਜਦਕਿ ਹਾਰਦਿਕ ਪਾਂਡਿਆ ਨੂੰ ਪਲੇਅਰ ਆਫ ਦਿ ਸੀਰੀਜ਼ ਐਲਾਨਿਆ ਗਿਆ।