ਕੋਲੰਬੋ, ਭਾਰਤ ਨੇ ਚੌਥੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਇੱਥੇ ਲੰਕਾ ਨੂੰ 168 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 4-0 ਦੀ ਲੀਡ ਹਾਸਲ ਕਰ ਲਈ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਕਪਤਾਨ ਵਿਰਾਟ ਕੋਹਲੀ ਅਤੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੇ ਸੈਂਕੜਿਆਂ ਸਦਕਾ ਭਾਰਤ ਨੇ ਸ੍ਰੀਲੰਕਾ ਖ਼ਿਲਾਫ਼ ਪੰਜ ਵਿਕਟਾਂ ਦੇ ਨੁਕਸਾਨ ’ਤੇ 375 ਦੌੜਾਂ ਬਣਾਈਆਂ ਜਦਕਿ ਮੇਜ਼ਬਾਨ ਟੀਮ 42.4 ਓਵਰਾਂ ਵਿੱਚ 207 ਦੌੜਾਂ ਬਣਾ ਕੇ ਢੇਰ ਹੋ ਗਈ। ਲੰਕਾ ਵੱਲੋਂ ਸਭ ਤੋਂ ਵੱਧ 70 ਦੌੜਾਂ ਐਂਜਲੋ ਮੈਥਿਊਜ਼ ਨੇ 80 ਗੇਂਦਾਂ ਵਿੱਚ ਬਣਾਈਆਂ ਪਰ ਟੀਮ ਦਾ ਹੋਰ ਕੋਈ ਵੀ ਬੱਲੇਬਾਜ਼ ਅਹਿਮ ਯੋਗਦਾਨ ਨਹੀਂ ਪਾ ਸਕਿਆ। ਭਾਰਤ ਵੱਲੋਂ ਸ਼ਰਦੁਲ ਠਾਕੁਰ ਨੇ 26 ਦੌੜਾਂ ਦੇ ਕੇ ਇੱਕ, ਜਸਪ੍ਰੀਤ ਬੁਮਰਾਹ ਨੇ 32 ਦੌੜਾਂ ਦੇ ਕੇ ਦੋ, ਹਾਰਦਿਕ ਪਾਂਡਿਆ ਨੇ 50 ਦੌੜਾਂ ਦੇ ਕੇ ਦੋ, ਕੁਲਦੀਪ ਯਾਦਵ ਨੇ 31 ਦੌੜਾਂ ਦੇ ਕੇ ਦੋ ਅਤੇ ਅਕਸ਼ਰ ਪਟੇਲ ਨੇ 55 ਦੌੜਾਂ ਦੇ ਕੇ ਇੱਕ ਵਿਕਟ ਝਟਕਾਈ। ਲੰਕਾ ਦੇ ਦੋ ਬੱਲੇਬਾਜ਼ ਰਨ ਆਊਟ ਹੋਏ।
ਵਿਰਾਟ ਕੋਹਲੀ ਨੇ 96 ਗੇਂਦਾਂ ਵਿੱਚ 17 ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 131 ਦੌੜਾਂ ਦੀ ਪਾਰੀ ਖੇਡ ਕੇ ਆਪਣਾ 29ਵਾਂ ਸੈਂਕੜਾ ਪੂੁਰਾ ਕੀਤਾ ਅਤੇ ਸਭ ਤੋਂ ਵੱਧ ਸੈਂਕੜੇ ਬਣਾਉਣ ਵਾਲਿਆਂ ਦੀ ਸੂਚੀ ਵਿੱਚ ਤੀਜੇ ਨੰਬਰ ’ਤੇ ਪੁਜ ਗਿਆ ਹੈ। ਉਸ ਨੇ ਰੋਹਿਤ ਸ਼ਰਮਾ (108) ਨਾਲ ਦੂਜੀ ਵਿਕਟ ਲਈ 219 ਦੌੜਾਂ ਦੀ ਭਾੲਵਾਲੀ ਕੀਤੀ। ਰੋਹਿਤ ਨੇ 88 ਗੇਂਦਾਂ ਦੀ ਆਪਣੀ ਪਾਰੀ ਵਿੱਚ 11 ਚੌਕੇ ਅਤੇ ਤਿੰਨ ਛੱਕੇ ਜੜੇ।
ਮਨੀਸ਼ ਪਾਂਡੇ (42 ਗੇਂਦਾਂ ਵਿੱਚ ਨਾਬਾਦ 50, ਚਾਰ ਚੌਕੇ) ਅਤੇ ਆਪਣਾ 300 ਵਾਂ ਇੱਕ ਰੋਜ਼ਾ ਮੈਚ ਖੇਡ ਰਹੇ ਮਹਿੰਦਰ ਸਿੰਘ ਧੋਨੀ (42 ਗੇਂਦਾਂ ਵਿੱਚ ਨਾਬਾਦ 49, ਪੰਜ ਚੌਕੇ ਅਤੇ ਇੱਕ ਛੱਕਾ) ਨੇ ਵੀ ਆਖਰੀ ਓਵਰਾਂ ਵਿੱਚ ਤੇਜ਼ਤਰਾਰ ਬੱਲੇਬਾਜ਼ੀ ਕਰਦਿਆਂ ਛੇਵੀਂ ਵਿਕਟ ਲਈ 12.2 ਓਵਰਾਂ ਵਿੱਚ 101 ਦੌੜਾਂ ਦੀ ਅਟੁਟ ਭਾੲਵਾਲੀ ਕਰ ਕੇ ਟੀਮ ਦਾ ਸਕੋਰ 350 ਦੌੜਾਂ ਤੋਂ ਪਾਰ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਸ੍ਰੀਲੰਕਾ ਖ਼ਿਲਾਫ਼ ਇਹ ਭਾਰਤ ਦਾ ਤੀਜਾ ਸਭ ਤੋਂ ਵੱਡਾ ਸਕੋਰ ਹੈ।
ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਪਰ ਟੀਮ ਨੇ ਦੂਜੇ ਓਵਰ ਵਿੱਚ ਹੀ ਸ਼ਿਖਰ ਧਵਨ (04) ਦੀ ਵਿਕਟ ਗੁਆ ਦਿੱਤੀ ਜਿਹੜਾ ਤੇਜ਼ ਗੇਂਦਬਾਜ਼ ਵਿਸ਼ਵ ਫਰਨਾਂਡੋ (76 ਦੌੜਾਂ ’ਤੇ ਇੱਕ ਵਿਕਟ) ਦੀ ਗੇਂਦ ’ਤੇ ਡੀਪ ਥਰਡ ਮੈਨ ’ਤੇ ਮਲਿੰਦਾ ਪੁਸ਼ਪਕੁਮਾਰ ਹੱਥੋਂ ਕੈਚ ਆਊਟ ਹੋ ਗਿਆ। ਕੋਹਲੀ ਅਤੇ ਪਿਛਲੇ ਮੈਚ ਵਿੱਚ ਸੈਂਕੜਾ ਜੜਨ ਵਾਲੇ ਰੋਹਿਤ ਨੇ ਇਸ ਤੋਂ ਬਾਅਦ ਸ਼ਾਨਦਾਰ ਬੱਲੇਬਾਜ਼ੀ ਕੀਤੀ। ਕਪਤਾਨ ਨੇ ਹਮਲਾਵਰ ਰੁਖ਼ ਅਪਣਾਇਆ ਜਦਕਿ ਸ਼ੁਰੂਆਤ ਵਿੱਚ ਰੋਹਿਤ ਨੇ ਬਚਾਅ ਵਾਲੀ ਨੀਤੀ ਅਪਣਾਈ।
aa copyਕੋਹਲੀ ਨੇ ਫਰਨਾਂਡੋ ਨੂੰ ਲਾਗਾਤਾਰ ਤਿੰਨ ਚੌਕੇ ਜੜ ਕੇ ਖਾਤਾ ਖੋਲ੍ਹਿਆ ਅਤੇ ਫੇਰ ਇਸ ਤੇਜ਼ ਗੇਂਦਬਾਜ਼ ਦੇ ਅਗਲੇ ਓਵਰ ਵਿੱਚ ਦੋ ਚੌਕੇ ਜੜੇ। ਰੋਹਿਤ ਨੇ ਆਪਣਾ ਪਹਿਲਾ ਚੌਕਾ ਸੱਤਵੇਂ ਓਵਰ ਵਿੱਚ ਐਂਜੇਲੋ ਮੈਥਿਊਜ਼ ਨੂੰ ਜੜਿਆ। ਰੋਹਿਤ ਨੇ ਮੈਥਿਊਜ (24 ਦੌੜਾਂ ’ਤੇ ਦੋ ਵਿਕਟ) ਦੀ ਗੇਂਦ ’ਤੇ ਡੀਪ ਮਿਡਵਿਕਟ ’ਤੇ ਛੱਕੇ ਨਾਲ ਨੌਵੇਂ ਓਵਰ ਵਿੱਚ ਟੀਮ ਦਾ ਅਰਧ ਸੈਂਕੜਾ ਪੂਰਾ ਕੀਤਾ। ਕੋਹਲੀ ਨੇ ਇਸ ਤੋਂ ਬਾਅਦ ਪੁਸ਼ਪਕੁਮਾਰ ਨੂੰ ਲਗਾਤਾਰ ਦੋ ਚੌਕੇ ਮਾਰੇ। ਭਾਰਤੀ ਕਪਤਾਨ ਨੇ ਲਸਿਥ ਮਲਿੰਗਾ (82 ਦੌੜਾਂ ’ਤੇ ਇਕ ਵਿਕਟ) ਨੂੰ ਚੌਕੇ ਜੜਨ ਤੋਂ ਬਾਅਦ ਇੱਕ ਦੌੜ ਲੈ ਕੇ 38 ਗੇਂਦਾਂ ਵਿੱਚ ਅਰਧ ਸੈਂਕੜਾ ਪੂਰਾ ਕੀਤਾ। ਰੋਹਿਤ ਨੇ ਲੜੀ ਵਿੱਚ ਹੁਣ ਤੱਕ ਸ਼ਾਨਦਾਰ ਗੇਂਦਬਾਜ਼ੀ ਕਰਨ ਵਾਲੇ ਆਫ਼ ਸਪਿੰਨਰ ਅਕਿਲਾ ਧਨੰਜੇਆ (68 ਦੌੜਾਂ ’ਤੇ ਇੱਕ ਵਿਕਟ) ਦੀਆਂ ਲਗਾਤਾਰ ਗੇਂਦਾਂ ’ਤੇ ਚੌਕੇ ਅਤੇ ਛੱਕੇ ਨਾਲ 14ਵੇਂ ਓਵਰ ਵਿੱਚ ਟੀਮ ਦਾ ਸਕੋਰ 100 ਤੋਂ ਪਾਰ ਕਰਵਾਇਆ। ਉਸ ਨੇ ਇਸੇ ਗੇਂਦਬਾਜ਼ ਦੀ ਗੇਂਦ ’ਤੇ ਇੱਕ ਦੌੜ ਨਾਲ 45 ਗੇਂਦਾਂ ਵਿੱਚ 50 ਦੌੜਾਂ ਪੂਰੀਆਂ ਕੀਤੀਆਂ। ਕੋਹਲੀ ਨੇ ਮਿਲਿੰਦਾ ਦੀ ਗੇਂਦ ’ਤੇ ਚੌਕੇ ਨਾਲ ਸਿਰਫ਼ 76 ਗੇਂਦਾਂ ਵਿੱਚ ਆਪਣਾ 29 ਵਾਂ ਸੈਂਕੜਾ ਪੂਰਾ ਕੀਤਾ। ਉਸ ਤੋਂ ਵੱਧ ਸੈਂਕੜੇ ਸਚਿਨ ਤੇਂਦੁਲਕਰ (49) ਅਤੇ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ (30) ਨੇ ਜੜੇ ਹਨ। ਕੋਹਲੀ ਨੇ ਫਰਨਾਂਡੋ ਦੀ ਗੇਂਦ ’ਤੇ ਇੱਕ ਦੌੜ ਨਾਲ ਰੋਹਿਤ ਨਾਲ ਰਲ ਕੇ ਤੀਜੀ ਵਾਰ 200 ਦੌੜਾਂ ਦੀ ਭਾਈਵਾਲੀ ਕੀਤੀ ਪਰ ਉਸ ਨੇ ਮਲਿੰਗਾ ਦੀ ਗੇਂਦ ’ਤੇ ਦਿਲਸ਼ਾਨ ਮੁਨਾਵੀਰਾ ਨੂੰ ਕੈਚ ਫੜਾ ਦਿੱਤਾ। ਇਹ ਇੱਕ ਰੋਜ਼ਾ ਮੈਚ ਵਿੱਚ ਮਲਿੰਗਾ ਦੀ 300ਵੀਂ ਵਿਕਟ ਹੈ। ਕੋਹਲੀ ਨੇ ਇਸ ਪਾਰੀ ਨਾਲ ਲੰਕਾ ਖ਼ਿਲਾਫ਼ ਦੋ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ। ਰੋਹਿਤ ਨੇ ਮਲਿੰਗਾ ਨੂੰ ਚੌਕਾ ਜੜ ਕੇ 85 ਗੇਂਦਾਂ ਵਿੱਚ ਲਗਾਤਾਰ ਦੂਜਾ ਅਤੇ ਕਰੀਅਰ ਦਾ 13ਵਾਂ ਸੈਂਕੜਾ ਪੂਰਾ ਕੀਤਾ। ਮੈਥਿਊਜ਼ ਨੇ ਰੋਹਿਤ ਨੂੰ ਵਿਕਟਕੀਪਰ ਨਿਰੋਸ਼ਨ ਡਿਕਵੇਲਾ ਹੱਥੋਂ ਕੈਚ ਆਊਟ ਕਰਵਾਇਆ। ਇਸ ਤੋਂ ਬਾਅਦ ਭਾਰਤ ਦੀ ਪਾਰੀ ਸਾਬਕਾ ਕਪਤਾਨ ਧੋਨੀ ਨੇ ਸੰਭਾਲੀ। ਧੋਨੀ ਨੇ ਸ੍ਰੀਵਰਧਨੇ ਦੇ 43ਵੇਂ ਓਵਰ ਵਿੱਚ ਚੌਕਾ ਜੜ ਕੇ ਟੀਮ ਦਾ ਸਕੋਰ 300 ਤੋਂ ਪਾਰ ਕਰਵਾਇਆ ਤੇ 48ਵੇਂ ਓਵਰ ਵਿੱਚ ਮਲਿੰਗਾ ਨੂੰ ਛੱਕਾ ਜੜ ਕੇ ਸਕੋਰ 350 ਕੀਤਾ।