ਚੰਡੀਗੜ੍ਹ, 7 ਜਨਵਰੀ

ਭਾਰਤ ਦੀ ਸਟਾਰ ਸਾਨੀਆ ਮਿਰਜ਼ਾ ਨੇ ਆਪਣੇ ਪੇਸ਼ੇਵਰ ਟੈਨਿਸ ਕਰੀਅਰ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਹ ਇਸ ਸਾਲ ਫਰਵਰੀ ‘ਚ ਸੰਨਿਆਸ ਲੈ ਲਵੇਗੀ। ਦੁਬਈ ਡਿਊਟੀ ਫਰੀ ਟੈਨਿਸ ਚੈਂਪੀਅਨਸ਼ਿਪ ਸਾਨੀਆ ਮਿਰਜ਼ਾ ਦਾ ਆਖਰੀ ਟੂਰਨਾਮੈਂਟ ਹੋਵੇਗਾ। ਉਸ ਨੇ ਪਿਛਲੇ ਸਾਲ ਵੀ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਹਾਲਾਂਕਿ ਬਾਅਦ ਵਿੱਚ ਉਸ ਨੇ ਸੱਟ ਕਾਰਨ ਆਪਣਾ ਐਲਾਨ ਵਾਪਸ ਲੈ ਲਿਆ। 36 ਸਾਲਾ ਸਾਨੀਆ ਮਿਰਜ਼ਾ ਜਨਵਰੀ ਵਿੱਚ ਇਸ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟ੍ਰੇਲੀਅਨ ਓਪਨ ਵਿੱਚ ਖੇਡੇਗੀ। ਉਹ ਆਸਟਰੇਲੀਆ ਓਪਨ ਦੇ ਡਬਲਜ਼ ਵਿੱਚ ਹਿੱਸਾ ਲਵੇਗੀ। ਇਸ ਤੋਂ ਬਾਅਦ ਉਹ ਦੁਬਈ ‘ਚ ਹੋਣ ਵਾਲੀ ਚੈਂਪੀਅਨਸ਼ਿਪ ਖੇਡ ਕੇ ਟੈਨਿਸ ਨੂੰ ਅਲਵਿਦਾ ਕਹਿ ਦੇਵੇਗੀ। ਦੁਬਈ ਡਿਊਟੀ ਫਰੀ ਟੈਨਿਸ ਚੈਂਪੀਅਨਸ਼ਿਪ 19 ਫਰਵਰੀ ਤੋਂ ਸ਼ੁਰੂ ਹੋਵੇਗੀ। ਸਾਨੀਆ ਨੇ ਕੁੱਲ 6 ਗ੍ਰੈਂਡ ਸਲੈਮ ਜਿੱਤੇ ਹਨ। ਗਰੈਂਡ ਸਲੈਮ ਡਬਲਜ਼ ਵਿੱਚ ਉਸ ਨੇ ਆਸਟ੍ਰੇਲੀਅਨ ਓਪਨ (2016), ਵਿੰਬਲਡਨ (2015) ਅਤੇ ਯੂਐੱਸ ਓਪਨ (2015) ਜਿੱਤੇ ਹਨ। ਇਸ ਤੋਂ ਇਲਾਵਾ ਉਹ ਮਿਕਸਡ ਡਬਲਜ਼ ਵਿੱਚ ਤਿੰਨ ਗਰੈਂਡ ਸਲੈਮ ਆਸਟ੍ਰੇਲੀਅਨ ਓਪਨ (2009), ਫਰੈਂਚ ਓਪਨ (2012) ਅਤੇ ਯੂਐੱਸ ਓਪਨ (2014) ਦੇ ਖਿਤਾਬ ਵੀ ਜਿੱਤ ਚੁੱਕੀ ਹੈ।