ਪਰਥ, 6 ਅਕਤੂਬਰ
ਭਾਰਤ ‘ਏ’ ਹਾਕੀ ਟੀਮ ਨੂੰ ਮਹਿਲਾਵਾਂ ਦੀ ਆਸਟਰੇਲੀਅਨ ਹਾਕੀ ਲੀਗ ਦੇ ਮੈਚ ਵਿੱਚ ਇੱਥੇ ਪੱਛਮੀ ਆਸਟਰੇਲੀਆ ਤੋਂ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪੱਛਮੀ ਆਸਟਰੇਲੀਆ ਨੂੰ 13ਵੇਂ ਮਿੰਟ ਵਿੱਚ ਮੈਦਾਨੀ ਗੋਲ ਜ਼ਰੀਏ ਸ਼ਾਨੀਆ ਤੋਨਕਿਨ ਨੇ ਲੀਡ ਦਿਵਾਈ। ਰਾਸ਼ੇਲ ਫਰਸ਼ਰ ਨੇ ਇਸ ਤੋਂ ਬਾਅਦ 19ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ’ਤੇ ਗੋਲ ਕਰ ਕੇ ਟੀਮ ਨੂੰ 2-0 ਨਾਲ ਅੱਗੇ ਕਰ ਦਿੱਤਾ। ਭਾਰਤ ਏ ਦੀ ਕਪਤਾਨ ਪ੍ਰੀਤੀ ਦੂਬੇ ਨੇ 56ਵੇਂ ਮਿੰਟ ਵਿੱਚ ਇੱਕ ਗੋਲ ਕੀਤਾ ਪਰ ਉਹ ਟੀਮ ਨੂੰ ਹਾਰ ਤੋਂ ਨਹੀਂ ਬਚਾਅ ਸਕੀ। ਭਾਰਤ ਏ ਦੀ ਟੀਮ ਨੂੰ ਟੂਰਨਾਮੈਂਟ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਪੰਜ ਟੀਮਾਂ ਦੀ ਸੂਚੀ ਵਿੱਚ ਚੌਥੇ ਸਥਾਨ ’ਤੇ ਹੈ।