ਪੁਣੇ, 25 ਅਕਤੂਬਰ
ਪਹਿਲੇ ਮੈਚ ਵਿੱਚ ਮਿਲੀ ਹਾਰ ਤੋਂ ਬਾਅਦ ਦਬਾਅ ਵਿੱਚ ਆਈ ਟੀਮ ਇੰਡੀਆ ਨੂੰ ਤਿੰਨ ਮੈਚਾਂ ਦੀ ਲੜੀ ਵਿੱਚ ਬਣੇ ਰਹਿਣ ਲਈ ਭਲਕੇ ਆਤਮ ਵਿਸ਼ਵਾਸ ਨਾਲ ਭਰੀ ਨਿਊਜ਼ੀਲੈਂਡ ਦੀ ਟੀਮ ਨੂੰ ਦੂਜੇ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਹਰ ਹਾਲਤ ਵਿੱਚ ਹਰਾਉਣਾ ਹੋਵੇਗਾ।
ਪਿਛਲੀਆਂ ਛੇ ਦੁਵੱਲੀਆਂ ਲੜੀਆਂ ਜਿੱਤ ਚੁੱਕੀ ਭਾਰਤੀ ਟੀਮ ਨੂੰ ਦੇਸ਼ ਵਿੱਚ ਅਜਿਹੀ ਸਥਿਤੀ ਦਾ ਮੁਕਾਬਲਾ ਘੱਟ ਹੀ ਕਰਨਾ ਪਿਆ ਹੈ ਜਦੋਂ ਉਸ ਨੂੰ ਲੜੀ ਬਚਾਉਣ ਲਈ ਕਰੋ ਜਾਂ ਮਰੋ ਦਾ ਮੁਕਾਬਲਾ ਖੇਡਣਾ ਪਵੇਗਾ।
ਬਹੁਤ ਸਾਰੇ ਕ੍ਰਿਕਟ ਪ੍ਰੇਮੀਆਂ ਨੂੰ ਇਹ ਅੰਦਾਜ਼ਾ ਹੀ ਨਹੀਂ ਸੀ ਕਿ ਨਿਊਜ਼ੀਲੈਂਡ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਪਹਿਲੇ ਮੈਚ ਵਿੱਚ ਭਾਰਤ ਨੂੰ ਚਿੱਤ ਕਰ ਦੇਵੇਗੀ ਪਰ ਚੈਂਪੀਅਨਜ਼ ਟਰਾਫੀ ਤੋਂ ਬਾਅਦ ਪਹਿਲਾ ਮੈਚ ਖੇਡ ਰਹੀ ਨਿਊਜ਼ੀਲੈਂਡ ਦੀ ਟੀਮ ਨੇ ਅਜਿਹਾ ਕਰ ਦਿਖਾਇਆ। ਰੋਸ ਟੇਲਰ ਅਤੇ ਟਾਮ ਲਾਥਮ ਦੀ 200 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਦੇ ਦਮ ਉੱਤੇ ਨਿਊਜ਼ੀਲੈਂਡ ਨੇ 281 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਜਿੱਤ ਦਰਜ ਕੀਤੀ। ਦੋਵਾਂ ਨੇ ਸਪਿੰਨਰ ਕੁਲਦੀਪ ਯਾਦਵ ਅਤੇ ਯਜੁਰਵੇਂਦਰ ਚਾਹਲ ਨੂੰ ਬਹੁਤ ਹੀ ਆਰਾਮ ਦੇ ਨਾਲ ਖੇਡਿਆ ਜਦੋਂ ਕਿ ਇਸ ਤੋਂ ਪਹਿਲਾਂ ਪਿਛਲੀ ਲੜੀ ਵਿੱਚ ਆਸਟਰੇਲਿਆਈ ਬੱਲੇਬਾਜ਼ਾਂ ਨੂੰ ਇਨ੍ਹਾਂ ਦੋਵਾਂ ਸਪਿੰਨਰਾਂ ਨੂੰ ਖੇਡਣ ਵਿੱਚ ਮੁਸ਼ਕਿਲ ਆਈ ਸੀ। ਮੇਜ਼ਬਾਨ ਟੀਮ ਮੁੰਬਈ ਵਿੱਚ ਫਰਮ ਵਿੱਚ ਨਹੀਂ ਦਿਖੀ ਪਰ ਭਲਕੇ ਉਸ ਤੋਂ ਵਾਪਸੀ ਦੀ ਉਮੀਦ ਕੀਤੀ ਜਾਂਦੀ ਹੈ।
ਵਿਰਾਟ ਕੋਹਲੀ ਨੇ ਪਿਛਲੇ ਮੈਚ ਵਿੱਚ 31ਵਾਂ ਇਕ ਰੋਜ਼ਾ ਸੈਂਕੜਾ ਜਮਾਇਆ ਪਰ ਬਾਕੀ ਖਿਡਾਰੀਆਂ ਤੋਂ ਆਸ ਦੇ ਮੁਤਾਬਿਕ ਸਹਿਯੋਗ ਨਹੀਂ ਮਿਲਿਆ। ਸਲਾਮੀ ਬੱਲੇਬਾਜ਼ਾਂ ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਨੂੰ ਟਰੈਂਟ ਬੋਲਟ ਨੇ ਪਵੇਲੀਅਨ ਭੇਜ ਦਿੱਤਾ।
ਇਨ੍ਹਾਂ ਦੋਨਾਂ ਨੂੰ ਬੋਲਟ ਦੀ ਸਵਿੰਗ ਅਤੇ ਸਟੀਕਤਾ ਦਾ ਸਾਹਮਣਾ ਕਰਨ ਲਈ ਢੰਗ ਲੱਭਣੇ ਹੋਣਗੇ। ਕੋਹਲੀ ਆਪਣੀ ਲੈਅ ਬਰਕਰਾਰ ਰੱਖਣੀ ਚਾਹੇਗੇ ਕਿਉਂਕਿ ਵੱਡਾ ਸਕੋਰ ਬਣਾਉਣ ਦੇ ਲਈ ਉਸਦੇ ਬੱਲੇ ਵਿੱਚੋਂ ਦੌੜਾਂ ਨਿਕਲਣੀਆਂ ਜ਼ਰੂਰੀ ਹਨ। ਕੋਹਲੀ ਨੇ ਜਨਵਰੀ ਵਿੱਚ ਇਸ ਮੈਦਾਨ ਉੱਤੇ ਇੰਗਲੈਂਡ ਵਿਰੁੱਧ ਮੈਚ ਜਿਤਾਊ ਪਾਰੀ ਖੇਡੀ ਸੀ।
ਦੂਜੇ ਪਾਸੇ ਸ਼ਾਨਦਾਰ ਜਿੱਤ ਤੋਂ ਬਾਅਦ ਨਿਊਜ਼ੀਲੈਂਡ ਦੇ ਹੌਸਲੇ ਬੁਲੰਦ ਹਨ। ਕਪਤਾਨ ਕੇਨ ਵਿਲੀਅਮਸਨ ਹਾਲਾਂ ਕਿ ਅਭਿਆਸ ਮੈਚ ਅਤੇ ਪਹਿਲੇ ਇਕ ਰੋਜ਼ਾ ਵਿੱਚ ਦੌੜਾਂ ਨਹੀ ਬਣਾ ਸਕੇ, ਉਹ ਵੀ ਵੱਡੀ ਪਾਰੀ ਖੇਡਣਾ ਚਾਹੇਗਾ।
ਮਾਰਟਿਨ ਗੁਪਿਟਲ ਅਤੇ ਕੋਲਿਲ ਮੁਨਰੋ ਚੰਗੀ ਸ਼ੁਰੂਆਤ ਨੂੰ ਵੰਡੀਆਂ ਪਾਰੀਆਂ ਵਿੱਚ ਨਹੀਂ ਬਦਲ ਸਕੇ ਅਤੇ ਊਹ ਵੀ ਸੁਧਾਰ ਦੇ ਚਾਹਵਾਨ ਹਨ। ਕੀਵੀ ਟੀਮ ਮਿਸ਼ੇਲ ਸੇਂਟਨੇਰ ਦੇ ਨਾਲ ਈਸ਼ ਸੋਢੀ ਨੂੰ ਦੂਜੇ ਸਪਿੰਨਰ ਵਜੋਂ ਉਤਾਰ ਸਕਦੀ ਹੈ।