ਖਰੜ,  22 ਅਗਸਤ,ਅੱਜ ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਖਰੜ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ 28 ਅਗਸਤ ਤੱਕ ਪੰਜਾਬ ਦੇ ਕਿਸਾਨਾਂ ਨੂੰਗੰਨੇ ਦੇ 100 ਕਰੋੜ ਰੁਪਏ ਦੇ ਬਕਾਏ ਦੀ ਅਦਾਇਗੀ ਨਾ ਕੀਤੀ ਤਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ 29 ਅਗਸਤ ਨੂੰ ਖਰੜ ਵਿੱਚ ਧਰਨਾ ਦਿੱਤਾ ਜਾਵੇਗਾ ਅਤੇ ਚੰਡੀਗੜ੍ਹ ਨੂੰ ਜਾਣ ਵਾਲੇ ਰਸਤੇ ਜਾਮ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ ਪਹਿਲਾਂ ਮੁੱਖ ਮੰਤਰੀ ਨਾਲ ਗੰਨੇ ਦੇ ਬਕਾਏ ਦੀ ਅਦਾਇਗੀ ਸਬੰਧੀ ਗੱਲਬਾਤ ਕੀਤੀ ਸੀ ਅਤੇ ਉਨ੍ਹਾਂ ਭਰੋਸਾ ਦਿੱਤਾ ਸੀ ਕਿ ਇੱਕ ਮਹੀਨੇ ਵਿੱਚ ਇਹ ਅਦਾਇਗੀ ਕਰ ਦਿੱਤੀ ਜਾਵੇਗੀ, ਪਰ ਕਾਫੀ ਸਮਾਂ ਗੁਜ਼ਰ ਜਾਣ ਤੋਂ ਬਾਅਦ ਵੀ ਇਹ ਅਦਾਇਗੀ ਨਹੀਂ ਹੋਈ ਇਸ ਲਈ ਮਜਬੂਰ ਹੋ ਕੇ ਯੂਨੀਅਨ ਨੂੰ ਇਹ ਕਦਮ ਚੁੱਕਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਪਰਾਲੀ ਨਾ ਸਾੜਲ ਲਈ ਪੰਜਾਬ ਸਰਕਾਰ ਕਿਸਾਨਾਂ ਨੂੰ ਝੋਨੇ ਨਾਲ ਸਬੰਧਿਤ ਮਸ਼ੀਨਰੀ ਦੀ ਖਰੀਦ ’ਤੇ 90 ਫੀਸਦੀ ਸਬਸਿਡੀ ਦੇਵੇ ਜਾਂ ਫਿਰ ਇੱਕ ਏਕੜ ਪਿੱਛੇ 5 ਹਜ਼ਾਰ ਰੁਪਏ ਮੁਆਵਜ਼ਾ ਦੇਵੇ। ਇਸ ਨਾਲ ਹੀ ਪਰਾਲੀ ਨਾ ਸਾੜਨ ਦੀ ਮੁਹਿੰਮ ਨੂੰ ਮੁਕੰਮਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕੇਂਦਰ ਸਰਕਾਰ ਤੇ ਪੰਜਾਬ  ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਸਿਰ ਜੋ ਕਰਜ਼ਾ ਹੈ, ਉਸ ’ਤੇ ਲਕੀਰ ਮਾਰੀ ਜਾਵੇ।
ਉਨ੍ਹਾਂ ਬੈਂਕ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਕਿਸਾਨ ਦੀ ਡਿਫਾਲਟਰ ਸੂਚੀ ਵਿੱਚ ਫੋਟੋ ਲਾਈ ਗਈ ਤੇ ਉਸ ਕਿਸਾਨ ਨੇ ਖੁ਼ਦਕੁਸ਼ੀ ਕਰ ਲਈ ਤਾਂ ਉਸ ਅਫ਼ਸਰ ਖ਼ਿਲਾਫ਼ ਧਾਰਾ 302 ਦਾ ਮੁਕੱਦਮਾ ਦਰਜ ਕਰਾਇਆ ਜਾਵੇਗਾ। ਇਸ ਮੌਕੇ ਮਾਸਟਰ ਸ਼ਮਸ਼ੇਰ ਸਿੰਘ ਮੀਤ ਪ੍ਰਧਾਨ ਪੰਜਾਬ, ਦਵਿੰਦਰ ਸਿੰਘ ਦੇਹਕਲਾ ਪ੍ਰਧਾਨ ਜਿਲ੍ਹਾ ਮੁਹਾਲੀ, ਗੁਰਮੀਤ ਸਿੰਘ ਖੂ਼ਨੀਮਾਜਰਾ ਬਲਾਕ ਪ੍ਰਧਾਨ, ਗੁਰਿੰਦਰ ਸਿੰਘ ਮਹਿਮੂਦਪੁਰ, ਜਸਪਾਲ ਸਿੰਘ ਨਿਆਮੀਆ, ਸ਼ੇਰ ਸਿੰਘ ਘੜੂੰਆਂ ਸਮੇਤ ਯੂਨੀਅਨ ਦੇ ਬਾਕੀ ਮੈਂਬਰ ਵੀ ਮੌਜੂਦ ਸਨ।