ਲੁਧਿਆਣਾ, ਪੰਜਾਬ ਪੁਲੀਸ ਤੇ ਕਾਊਂਟਰ ਇਟੈਲੀਜੈਂਸ ਦੀ ਟੀਮ ਵੱਲੋਂ ਫੜੇ ਗਏ ਬੱਬਰ ਖਾਲਸਾ ਦੇ 7 ਖਾੜਕੂਆਂ ਤੋਂ ਪੁੱਛ-ਪੜਤਾਲ ਦੌਰਾਨ ਕਈ ਅਹਿਮ ਖੁਲਾਸੇ ਹੋਏ ਹਨ। ਉਹ ਪੰਜਾਬ ਵਿੱਚ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਦਹਿਸ਼ਤ ਦਾ ਮਾਹੌਲ ਬਣਾਉਣਾ ਚਾਹੁੰਦੇ ਸਨ ਤਾਂ ਕਿ ਕਿਸੇ ਤਰ੍ਹਾਂ ਖਾਲਿਸਤਾਨ ਲਹਿਰ ਸੁਰਜੀਤ ਕੀਤੀ ਜਾ ਸਕੇ। ਇਨ੍ਹਾਂ ਖਾੜਕੂਆਂ ਤੋਂ ਪੰਜਾਬ ਵਿੱਚ ਪਿਛਲੇ ਦਿਨੀਂ ਮਾਰੇ ਗਏ ਆਰਐਸਐਸ ਨੇਤਾ ਜਗਦੀਸ਼ ਗਗਨੇਜਾ, ਹਿੰਦੂ ਆਗੂ ਦੁਰਗਾ ਗੁਪਤਾ, ਅਮਿਤ ਸ਼ਰਮਾ ਤੇ ਡੇਰਾ ਪ੍ਰੇਮੀਆਂ ਦੇ ਕਤਲ ਦੇ ਮਾਮਲੇ ਵਿੱਚ ਵੀ ਪੁੱਛ-ਪੜਤਾਲ ਕੀਤੀ ਜਾਵੇਗੀ।
ਪਤਾ ਲੱਗਿਆ ਹੈ ਕਿ ਇਨ੍ਹਾਂ ਖਾੜਕੂਆਂ ਦੇ ਨਿਸ਼ਾਨੇ ‘ਤੇ ਪੰਜਾਬ ਦੇ ਕਈ ਅਜਿਹੇ ਹਿੰਦੂ ਨੇਤਾ ਅਤੇ ਹਿੰਦੂ ਜਥੇਬੰਦੀਆਂ ਸਨ, ਜੋ ਖਾਲਿਸਤਾਨ ਖ਼ਿਲਾਫ਼ ਖੁੱਲ੍ਹ ਕੇ ਬਿਆਨਬਾਜ਼ੀ ਕਰ ਰਹੀਆਂ ਸਨ। ਸ਼ਿਵ ਸੈਨਾ ਪੰਜਾਬ ਦੇ ਕੌਮੀ ਚੇਅਰਮੈਨ ਰਾਜੀਵ ਟੰਡਨ ਸਮੇਤ ਪੰਜਾਬ ਦੇ ਕਈ ਅਹਿਮ ਹਿੰਦੂ ਨੇਤਾ ਇਨ੍ਹਾਂ ਖਾੜਕੂਆਂ ਦੇ ਨਿਸ਼ਾਨੇ ‘ਤੇ ਸਨ। ਇਨ੍ਹਾਂ ਖਾੜਕੂਆਂ ਤੋਂ ਕਈ ਏਜੰਸੀਆਂ ਪੁੱਛ-ਪੜਤਾਲ ਕਰ ਰਹੀਆਂ ਹਨ ਤਾਂ ਕਿ ਉਨ੍ਹਾਂ ਦੇ ਵਿਦੇਸ਼ ਵਿੱਚ ਬੈਠੇ ਸੰਪਰਕਾਂ ਬਾਰੇ ਪਤਾ ਲੱਗ ਸਕੇ। ਉਨ੍ਹਾਂ ਤੋਂ ਫੰਡਿੰਗ ਦੇ ਸਰੋਤ ਬਾਰੇ ਵੀ ਪਤਾ ਲਾਇਆ ਜਾ ਰਿਹਾ ਹੈ।
ਸੂਤਰਾਂ ਅਨੁਸਾਰ ਬੱਬਰ ਖਾਲਸਾ ਦੇ ਵਿਦੇਸ਼ ਵਿੱਚ ਰਹਿੰਦੇ ਖਾੜਕੂ ਸੁਰਿੰਦਰ ਸਿੰਘ ਬੱਬਰ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ‘ਟੀਮ ਖਾਲਿਸਤਾਨ’ ਦੇ ਨਾਮ ਦਾ ਇਹ ਗੁੱਟ ਬਣਾਇਆ ਸੀ, ਜੋ ਲਗਾਤਾਰ ਉਸ ਦੇ ਹੁਕਮਾਂ ‘ਤੇ ਕੰਮ ਕਰ ਰਿਹਾ ਸੀ। ਇਸ ਗੁੱਟ ਦੀਆਂ ਜ਼ਿਆਦਾਤਰ ਮੀਟਿੰਗਾਂ ਸਮਰਾਲਾ ਚੌਂਕ ਕੋਲ ਸਥਿਤ ਖਾਲਸਾ ਢਾਬੇ ਵਿੱਚ ਹੁੰਦੀਆਂ ਸਨ। ਖਾਲਸਾ ਢਾਬਾ ਵੀ ਹੁਣ ਬੰਦ ਪਿਆ ਹੈ। ਸ਼ੱਕ ਹੈ ਕਿ ਢਾਬਾ ਮਾਲਕ ਨੂੰ ਵੀ ਪੁਲੀਸ ਨੇ ਕਾਬੂ ਕਰ ਕੇ ਪੁੱਛ-ਪੜਤਾਲ ਸ਼ੁਰੂ ਕੀਤੀ ਹੈ।
ਹੋ ਸਕਦੇ ਹਨ ਵੱਡੇ ਖੁਲਾਸੇ: ਪੁਲੀਸ ਕਮਿਸ਼ਨਰ
ਪੁਲੀਸ ਕਮਿਸ਼ਨਰ ਆਰ.ਐਨ. ਢੋਕੇ ਨੇ ਕਿਹਾ ਕਿ ਗ੍ਰਿਫ਼ਤਾਰ ਖਾੜਕੂਆਂ ਤੋਂ ਹਿੰਦੂ ਆਗੂਆਂ ਤੇ ਡੇਰਾ ਪ੍ਰੇਮੀਆਂ ਦੇ ਕਤਲ ਬਾਰੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਕੋਈ ਸਬੂਤ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਸ਼ੱਕ ਹੈ ਕਿ ਕਈ ਵੱਡੇ ਖੁਲਾਸੇ ਹੋ ਸਕਦੇ ਹਨ।