ਢਾਕਾ— ਸ਼ਾਕਿਬ ਅਲ ਹਸਨ ਤੇ ਤਮੀਮ ਇਕਬਾਲ ਦੇ ਅਰਧ ਸੈਂਕੜਿਆਂ ਨਾਲ ਪਹਿਲੀ ਪਾਰੀ ‘ਚ 260 ਦੌੜਾਂ ਬਣਾਉਣ ਵਾਲੇ ਬੰਗਲਾਦੇਸ਼ ਨੇ ਅੱਜ ਇਥੇ ਆਸਟ੍ਰੇਲੀਆ ਦੇ ਚੋਟੀਕ੍ਰਮ ਨੂੰ ਢਹਿ-ਢੇਰੀ ਕਰ ਕੇ ਪਹਿਲੇ ਕ੍ਰਿਕਟ ਟੈਸਟ ਮੈਚ ਵਿਚ ਉਤਰਾਅ-ਚੜ੍ਹਾਅ ਨਾਲ ਭਰੇ ਪਹਿਲੇ ਦਿਨ ਆਪਣਾ ਪੱਲੜਾ ਭਾਰੀ ਰੱਖਿਆ। 
ਆਸਟ੍ਰੇਲੀਆ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਤੇ ਉਸ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤਕ 3 ਵਿਕਟਾਂ ‘ਤੇ 18 ਦੌੜਾਂ ਬਣਾਈਆਂ ਹਨ। ਸਟੰਪਸ ਦੇ ਸਮੇਂ ਕਪਤਾਨ ਸਟੀਵ ਸਮਿਥ  3 ਤੇ ਸਲਾਮੀ ਬੱਲੇਬਾਜ਼ ਮੈਟ ਰੇਨਸ਼ਾ 6 ਦੌੜਾਂ ‘ਤੇ ਖੇਡ ਰਹੇ ਸਨ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਲਈ ਉਤਰੇ ਬੰਗਲਾਦੇਸ਼ ਨੇ ਵੀ ਤਿੰਨ ਵਿਕਟਾਂ 10 ਦੌੜਾਂ ‘ਤੇ ਗੁਆ ਦਿੱਤੀਆਂ ਸਨ ਪਰ ਸ਼ਾਕਿਬ (84) ਤੇ ਤਮੀਮ (71) ਨੇ ਚੌਥੀ ਵਿਕਟ ਲਈ 155 ਦੌੜਾਂ ਜੋੜ ਕੇ ਉਸ ਨੂੰ ਇਨ੍ਹਾਂ ਝਟਕਿਆਂ ਤੋਂ ਉਭਾਰਿਆ। 
ਆਸਟ੍ਰੇਲੀਆ ਲਈ ਵੀ ਵੱਡੀ ਚੁਣੌਤੀ ਸਪਿਨ ਹੀ ਹੈ ਕਿਉਂਕਿ ਗੇਂਦ ਹੁਣ ਤੋਂ ਹੀ ਟਰਨ ਲੈ ਰਹੀ ਹੈ। ਬੰਗਲਾਦੇਸ਼ ਨੇ ਗੇਂਦਬਾਜ਼ੀ ਦੀ ਸ਼ੁਰੂਆਤ ਹੀ ਮਹਿਦੀ ਹਸਨ ਮਿਰਾਜ ਤੋਂ ਕਰਾਈ, ਜਿਹੜਾ ਆਫ ਸਪਿਨਰ ਹੈ। ਇਸ ਤੋਂ ਬਾਅਦ ਖੱਬੇ ਹੱਥ ਦੇ ਸਪਿਨਰ ਸ਼ਾਕਿਬ ਨੂੰ ਵੀ ਜਲਦ ਹੀ ਹਮਲੇ ‘ਤੇ ਲਾ ਦਿੱਤਾ ਗਿਆ ਤੇ ਇਨ੍ਹਾਂ ਦੋਵਾਂ ਨੇ ਹੁਣ ਤਕ ਟੀਮ ਨੂੰ ਇਕ-ਇਕ ਸਫਲਤਾ ਦਿਵਾਈ। ਡੇਵਿਡ ਵਾਰਨਰ (8) ਦਾ ਉਪ-ਮਹਾਦੀਪ ਵਿਚ ਖਰਾਬ ਪ੍ਰਦਰਸ਼ਨ ਜਾਰੀ ਰਿਹਾ। ਮਹਿਦੀ ਹਸਨ ਨੇ ਉਸ ਨੂੰ ਐੱਲ. ਬੀ. ਡਬਲਯੂ. ਕੀਤਾ।