ਬ੍ਰਿਟਿਸ਼ ਕੋਲੰਬੀਆ — ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਵਿਚ ਇਕ ਛੋਟਾ ਜਹਾਜ਼ ਲਾਪਤਾ ਹੋ ਗਿਆ ਹੈ। ਇਹ ਜਹਾਜ਼ ਬ੍ਰਿਟਿਸ਼ ਕੋਲੰਬੀਆ ਤੋਂ ਐਡਮਿੰਟਨ ਜਾ ਰਿਹਾ ਸੀ। ਜਹਾਜ਼ ‘ਚ 2 ਲੋਕ ਸਵਾਰ ਸਨ। ਜਹਾਜ਼ ਨੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਪੈਨਟਿਕਟਨ ਤੋਂ ਦੁਪਹਿਰ 2.30 ਵਜੇ ਉਡਾਣ ਭਰੀ ਸੀ ਕਿ ਰਸਤੇ ‘ਚ ਹੀ ਲਾਪਤਾ ਹੋ ਗਿਆ। ਜਹਾਜ਼ ਦੇ ਲਾਪਤਾ ਹੋਣ ਦੀ ਜਾਣਕਾਰੀ ਸ਼ਨੀਵਾਰ ਦੀ ਰਾਤ ਨੂੰ 10.40 ਵਜੇ ਮਿਲੀ। ਜਿਸ ਤੋਂ ਬਾਅਦ ਖੋਜ ਅਤੇ ਬਚਾਅ ਟੀਮ ਦੇ ਅਧਿਕਾਰੀਆਂ ਵਲੋਂ ਸ਼ਨੀਵਾਰ ਦੀ ਰਾਤ ਤੋਂ ਹੀ ਜਹਾਜ਼ ਦੀ ਭਾਲ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਹਾਜ਼ ਦੇ ਪਾਇਲਟ ਦਾ ਸੈਲਫੋਨ ਸਿੰਗਨਲ ਬੀ. ਸੀ. ਦੇ ਰਵੇਲਸਟੋਕ ਤੋਂ 20 ਕਿਲੋਮੀਟਰ ਦੂਰ ਸੀ। ਅਧਿਕਾਰੀਆਂ ਮੁਤਾਬਕ ਐਤਵਾਰ ਦੀ ਸਵੇਰ ਨੂੰ ਖਰਾਬ ਮੌਸਮ ਕਾਰਨ ਜਹਾਜ਼ ਨੂੰ ਲੱਭਣ ‘ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਰਵੇਲਸਟੋਕ ਇਲਾਕੇ ‘ਚ ਜਹਾਜ਼ ਦੀ ਭਾਲ ਕੀਤੀ ਜਾ ਰਹੀ ਹੈ। ਲਾਪਤਾ ਜਹਾਜ਼ ਨੂੰ ਲੱਭਣ ਲਈ 4 ਹੈਲੀਕਾਪਟਰ, ਜਿਸ ‘ਚ ਕੈਨੇਡੀਅਨ ਫੋਰਸਜ਼ ਬੇਸ ਦਾ ਹੈਲੀਕਾਪਟਰ, 2 ਪਾਰਕ ਕੈਨੇਡਾ ਹੈਲੀਕਾਪਟਰ ਅਤੇ ਚਾਰਟਰਡ ਹੈਲੀਕਾਪਟਰ ਰਵੇਲਸਟੋਕ ‘ਚ ਜਹਾਜ਼ ਦੀ ਭਾਲ ‘ਚ ਲੱਗੇ ਹੋਏ ਹਨ। ਅਧਿਕਾਰੀਆਂ ਮੁਤਾਬਕ ਰਵੇਲਸਟੋਕ ਪਹਾੜੀ ਇਲਾਕਾ ਹੈ ਅਤੇ ਬਰਫ ਪੈਣ ਕਾਰਨ ਜਹਾਜ਼ ਨੂੰ ਲੱਭਣ ‘ਚ ਸਮਾਂ ਲੱਗਾ ਰਿਹਾ ਹੈ।