ਸ੍ਰੀ ਆਨੰਦਪੁਰ ਸਾਹਿਬ, 4 ਦਸੰਬਰ
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਕਿਹਾ ਕਿ ਬੇਸ਼ੱਕ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨਾ ਸਮੇਂ ਦੀ ਮੰਗ ਵੀ ਹੈ ਅਤੇ ਸਰਕਾਰਾਂ ਦੀ ਜ਼ਿੰਮੇਵਾਰੀ ਵੀ ਹੈ ਪਰ ਸਕੂਲਾਂ ਦੇ ਬੁਨਿਆਦੀ ਢਾਂਚੇ ਦੀਆਂ ਕਮੀਆਂ ਦੀ ਦੁਹਾਈ ਪਾ ਕੇ ਅਧਿਆਪਕ ਆਪਣੀਆਂ ਮੁੱਢਲੀਆਂ ਤੇ ਨੈਤਿਕ ਜ਼ਿੰਮੇਵਾਰੀਆਂ ਤੋਂ ਭੱਜ ਨਹੀਂ ਸਕਦੇ। ਉਹ ਅੱਜ ਇੱਥੇ ਤਹਿਸੀਲ ਪੱਧਰੀ ਵਿਗਿਆਨ ਪ੍ਰਦਰਸ਼ਨੀ ਦੇ ਇਨਾਮ ਵੰਡ ਸਮਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ     ਹੋਏ ਸਨ।
ਸ੍ਰੀ ਕੇ.ਪੀ. ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਸਾਧਨ ਬੁਹਤ ਹਨ ਪਰ ਜਦੋਂ ਸਾਧਨਾਂ ਦੀ ਅਣਹੋਂਦ ਸੀ ਤਾਂ ਵੀ ਆਈਏਐਸ/ਆਈਪੀਐਸ ਅਫ਼ਸਰ ਇਨ੍ਹਾਂ ਸਕੂਲਾਂ ਵਿੱਚੋਂ ਹੀ ਪੈਦਾ ਹੁੰਦੇ ਸਨ। ਉਨ੍ਹਾਂ ਕਿਹਾ ਕਿ ਵਿਦਿਆਰੀਥਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਜਿੱਥੇ ਅਧਿਆਪਕ ਜ਼ਿੰਮੇਵਾਰ ਹਨ ਉੱਥੇ ਹੀ ਮਾਪਿਆਂ ਦੀ ਉਨ੍ਹਾਂ ਨਾਲੋਂ ਵੀ ਵੱਧ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਸਕੂਲਾਂ ਵਿੱਚ ਤਾਂ ਬੱਚੇ ਛੇ ਘੰਟੇ ਰਹਿੰਦੇ ਹਨ ਜਦੋਂਕਿ ਮਾਪਿਆਂ ਕੋਲ 18 ਘੰਟੇ ਰਹਿੰਦੇ ਹਨ। ਉਨ੍ਹਾਂ ਸ਼ਹੀਦ ਪਰਗਨ ਸਿੰਘ ਹਾਈ ਸਕੂਲ ਮਟੌਰ ਦੇ ਤਿੰਨ ਕਮਰਿਆਂ ਅਤੇ ਰਸਤੇ ਦੀ ਉਸਾਰੀ ਲਈ ਲੋੜੀਂਦੇ ਫੰਡ ਜਾਰੀ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਮੁੱਖ ਅਧਿਆਪਕ ਜਸਵਿੰਦਰ ਕੌਰ ਢੇਸੀ ਦੀ ਅਗਵਾਈ ਹੇਠ ਸਕੂਲ ਸਟਾਫ ਵੱਲੋਂ ਮੁੱਖ ਮਹਿਮਾਨ ਰਾਣਾ ਕੇ.ਪੀ. ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਵਿਗਿਆਨ ਪ੍ਰਦਰਸ਼ਨੀ ਵਿੱਚ 100 ਸਕੂਲਾਂ ਨੇ ਭਾਗ ਲਿਆ ਅਤੇ ਵਿਗਿਆਨ ਦੇ 184 ਮਾਡਲ ਪ੍ਰਦਰਸ਼ਿਤ ਕੀਤੇ ਗਏ। ਵਿਦਿਆਰਥੀਆਂ ਦੇ ਐਲੀਮੈਂਟਰੀ, ਸੈਕੰਡਰੀ ਤੇ ਸੀਨੀਅਰ ਗਰੁੱਪ ਬਣਾਏ ਗਏ ਸਨ ਅਤੇ ਵੱਖ ਵੱਖ ਥੀਮਾਂ ਵਿੱਚੋਂ ਪਹਿਲੀਆਂ ਦੋ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ 4 ਤੇ 5 ਦਸੰਬਰ ਨੂੰ ਨੰਗਲ ਦੇ ਲੜਕਿਆਂ ਦੇ ਸਕੂਲ ਵਿੱਚ ਹੋਣ ਵਾਲੀ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਭਾਗ ਲੈਣਗੇ। ਇਸ ਮੌਕੇ ਸ੍ਰੀ ਰਾਣਾ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ।