ਮਡਗਾਓਂ, ਜਰਮਨੀ ਦੀ ਅੰਡਰ-17 ਵਿਸ਼ਵ ਕੱਪ ਟੀਮ ਸਟਾਰ ਖਿਡਾਰੀ ਜਾਨ ਫਿਏਟੇ ਆਰਪ ਤੋਂ ਬਿਨਾਂ ਅੱਜ ਇੱਥੇ ਪਹੁੰਚੀ, ਜੋ ਕੁਝ ਦਿਨ ਬਾਅਦ ਟੀਮ ਨਾਲ ਜੁੜਨਗੇ। 20 ਮੈਂਬਰੀ ਟੀਮ ਇੱਥੇ ਕਤਰ ਏਅਰਲਾਈਨਜ਼ ਦੇ ਜਹਾਜ਼ ਰਾਹੀਂ ਸਵੇਰੇ ਪੰਜ ਵਜੇ ਦੇ ਦਰੀਬ ਇੱਥੇ ਹਵਾਈ ਅੱਡੇ ’ਤੇ ਪਹੁੰਚੀ। ਦੁਪਹਿਰ ਨੂੰ ਖਿਡਾਰੀਆਂ ਨੇ ਟਰੇਨਿੰਗ ਸੈਸ਼ਨ ’ਚ ਹਿੱਸਾ ਲਿਆ। ਖਿਡਾਰੀਆਂ ਨੇ ਮੁੱਖ ਕੋਚ ਕ੍ਰਿਸਟੀਅਨ ਵੁਕ ਦੀ ਅਗਵਾਈ ’ਚ ਸਮੁੰਦਰ ਕਿਨਾਰੇ ਵਰਕ ਆਊਟ ਕੀਤਾ। ਟੀਮ ਦੇ ਅਧਿਕਾਰਕ ਟਵੀਟਰ ਹੈਂਡਲ ਅਨੁਸਾਰ, ‘ਭਾਰਤ ਦੇ ਇੰਨੇ ਹੁੰਮਸ ਭਰੇ ਮਾਹੌਲ ’ਚ ਇਹ ਪਹਿਲੀ ਟਰੇਨਿੰਗ ਸੀ। ਸਮੁੰਦਰ ਕਿਨਾਰੇ ਪੈਰਾਂ ਨੂੰ ਬਹੁਤ ਆਰਾਮ ਮਿਲਿਆ।’ ਟਵੀਟ ’ਚ ਖਿਡਾਰੀਆਂ ਨਾਲ ਲਈ ਗਈ ਫੋਟੋ ਵੀ ਸ਼ਾਮਲ ਹੈ ਜਿਸ ’ਚ ਉਹ ਗੇਂਦ ਨਾਲ ਰੇਤ ’ਤੇ ਆਪਦਾ ਹੁਨਰ ਦਿਖਾ ਰਹੇ ਸਨ।
ਕੋਲਕਾਤਾ: ਫੀਫਾ ਵਿਸ਼ਵ ਕੱਪ ’ਚ ਭਾਗ ਲੈ ਰਹੀ ਚਿਲੀ ਦੀ 21 ਮੈਂਬਰ ਅੰਡਰ-17 ਟੀਮ ਅੱਜ ਸਵੇਰੇ ਇੱਥੇ ਪਹੁੰਚੀ। ਟੀਮ ਦੇ ਖਿਡਾਰੀਆਂ ਨਾਲ ਕੋਚ ਤੇ ਸਹਿਯੋਗੀ ਮੈਂਬਰ ਹਵਾਈ ਅੱਡੇ ਤੋਂ ਸਿੱਧੇ ਹੋਟਲ ਚਲੇ ਗਏ। ਅਰਜਨਟੀਨਾ ਦੇ ਸਾਬਕਾ ਗੋਲਕੀਪਰ ਹੇਨਾਰਨ ਕਾਪੁਟੋ ਟੀਮ ਦਾ ਕੋਚ ਹੈ। ਚਿਲੀ ਦੀ ਟੀਮ ਗਰੁੱਪ ਹੈਫ ’ਚ ਇੰਗਲੈਂਡ, ਇਰਾਕ ਤੇ ਮੈਕਸਿਕੋ ਨਾਲ ਹੈ ਤੇ ਉਹ ਗਰੁੱਪ ਗੇੜ ਦੇ ਮੈਚ ਇੱਥੇ ਸਾਲਟ ਲੇਕ ਸਟੇਡੀਅਮ ’ਚ ਖੇਡੇਗੀ। ਇਸ ਵਿਸ਼ਵ ਕੱਪ ’ਚ ਅੱਠ ਅਕਤੂਬਰ ਨੂੰ ਇੰਗਲੈਂਡ ਖ਼ਿਲਾਫ਼ ਮੁਕਾਬਲੇ ਨਾਲ ਚਿਲੀ ਦੀ ਮੁਹਿੰਮ ਦੀ ਸ਼ੁਰੂਆਤ ਹੋਵੇਗੀ। ਚਿਲੀ ਤੋਂ 29 ਸਤੰਬਰ ਦੀ ਰਾਤ ਨੂੰ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਟੀਮ ਸਵੇਰੇ 8 ਵਜ ਕੇ 20 ਮਿੰਟ ’ਤੇ ਇੱਥੇ ਪਹੁੰਚੀ, ਪਰ ਲੰਮੀ ਥਕਾਨ ਦੇ ਬਾਵਜੂਦ ਅੱਜ ਸ਼ਾਮ ਨੂੰ ਅਭਿਆਸ ਕਰੇਗੀ। ਜਪਾਨ ’ਚ 1993 ਵਿਸ਼ਵ ਕੱਪ ’ਚ ਪਹਿਲੀ ਵਾਰੀ ਹਿੱਸਾ ਲੈਣ ਵਾਲੀ ਚਿਲੀ ਦੀ ਟੀਮ ਇਸ ਮੁਕਾਬਲੇ ’ਚ ਚੌਥੀ ਵਾਰੀ ਭਾਗ ਲੈ ਰਹੀ ਹੈ। ਪਿਛਲੀ ਵਾਰੀ ਉਸ ਨੇ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਸੀ।
ਨਵੀ ਮੁੰਬਈ: ਫੀਫਾ ਅੰਡਰ-17 ਵਿਸ਼ਵ ਕੱਪ ’ਚ ਭਾਗ ਲੈਣ ਪਹੁੰਚੀ ਤੁਰਕੀ ਦੀ ਟੀਮ ਦੇ ਕੋਚ ਮਹਿਮਤ ਹਾਸਿਯੋਗਲੂ ਨੇ ਕਿਹਾ ਕਿ ਉਸ ਦਾ ਪਹਿਲਾ ਟੀਚਾ ਗਰੁੱਪ ਲੀਗ ਗੇੜ ਨੂੰ ਪਾਰ ਕਰਨ ਦਾ ਹੈ। ਉਸ ਨੇ ਕਿਹਾ ਕਿ ਸਰਕਾਰ ਦੇ ਵਧੀਆ ਯੁਵਾ ਵਿਕਾਸ ਪ੍ਰੋਗਰਾਮ ਕਾਰਨ ਤੁਰਕੀ ਦੀ ਟੀਮ ਕਾਫੀ ਮਜ਼ਬੂਤ ਬਣੀ ਹੈ। ਤੁਰਕੀ ਦੇ ਕੋਚ ਨੇ ਕਿਹਾ ਕਿ ਵਿਸ਼ਵ ਕੱਪ ਦੀਆਂ ਤਿਆਰੀਆਂ ਲਈ ਯੁਵਾ ਲੀਗ ’ਚ ਸੁਧਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ’ਚ ਨੌਜਵਾਨ ਲੀਗ ਆਮ ਤੌਰ ’ਤੇ ਹੋਰਨਾਂ ਦੇਸ਼ਾਂ ਮੁਕਾਬਲੇ ਜਲਦੀ ਸ਼ੁਰੂ ਹੁੰਦੀ ਹੈ। ਸਾਡੇ ਲੰਮੇ ਸਮੇਂ ਤੱਕ ਕੈਂਪ ਲਗਦੇ ਹਨ। ਅਸੀਂ ਭਾਰਤ ਆਉਣ ਤੋਂ ਪਹਿਲਾਂ ਇੱਥੇ ਦੀਆਂ ਹਾਲਤਾਂ ਮੁਤਾਬਕ ਢਲਣ ਲਈ ਦੋਹਾ ਗਏ ਸੀ।