ਅੱਪਰ ਡਾਰਬੀ,  ਮੰਗਲਵਾਰ ਸਵੇਰੇ ਸਬਅਰਬਨ ਫਿਲਾਡੈਲਫੀਆ ਰੇਲਵੇ ਸਟੇਸ਼ਨ ਉੱਤੇ ਪਾਰਕ ਕੀਤੀ ਗਈ ਇੱਕ ਰੇਲ ਗੱਡੀ ਵਿੱਚ ਇੱਕ ਹੋਰ ਰੇਲਗੱਡੀ ਦੇ ਆ ਟਕਰਾਉਣ ਕਾਰਨ ਵੱਡਾ ਹਾਦਸਾ ਹੋ ਗਿਆ। ਇਸ ਨਾਲ ਟਰੇਨ ਆਪਰੇਟਰ ਸਮੇਤ ਦਰਜਨਾਂ ਭਰ ਯਾਤਰੀ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਖੇਤਰੀ ਰੇਲ ਦੀ ਤਰਜ਼ਮਾਨ ਨੇ ਦਿੱਤੀ।
ਤਰਜ਼ਮਾਨ ਹੈਦਰ ਰੈੱਡਫਰਨ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਜ਼ਖ਼ਮੀ ਹੋਏ 42 ਵਿਅਕਤੀਆਂ ਵਿੱਚੋਂ ਕਿਸੇ ਨੂੰ ਵੀ ਜਾਨਲੇਵਾ ਸੱਟਾਂ ਨਹੀਂ ਲੱਗੀਆਂ। ਕਈਆਂ ਨੂੰ ਜ਼ਖ਼ਮੀ ਹਾਲਤ ਵਿੱਚ ਵੀ ਤੁਰਦਿਆਂ ਵੇਖਿਆ ਗਿਆ। ਮੰਗਲਵਾਰ ਸਵੇਰੇ 12:15 ਵਜੇ ਅੱਪਰ ਡਾਰਬੀ ਵਿੱਚ 69ਵੀਂ ਸਟਰੀਟ ਟਰਮੀਨਲ ਵਿਖੇ ਖਾਲੀ ਖੜ੍ਹੀ ਰੇਲਗੱਡੀ ਵਿੱਚ ਪਿੱਛੋਂ ਆ ਕੇ ਨੌਰਿਸਟਾਊਨ ਹਾਈ ਸਪੀਡ ਰੇਲਗੱਡੀ ਆਣ ਟਕਰਾਈ। ਰੈੱਡਫਰਨ ਨੇ ਦੱਸਿਆ ਕਿ ਇਸ ਹਾਦਸੇ ਤੋਂ ਕਾਫੀ ਸਮਾਂ ਬਾਅਦ ਟਰੇਨ ਆਪਰੇਟਰ ਦਾ ਹਸਪਤਾਲ ਵਿੱਚ ਇਲਾਜ ਕੀਤੇ ਜਾਣ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ।
ਇੱਕ ਯਾਤਰੀ ਰੇਅਮੰਡ ਵੁੱਡਾਰਡ ਨੇ ਦੱਸਿਆ ਕਿ ਉਹ ਕੰਮ ਤੋਂ ਘਰ ਪਰਤ ਰਿਹਾ ਸੀ ਜਦੋਂ ਰੇਲਗੱਡੀ ਨੂੰ ਹਾਦਸਾ ਪੇਸ਼ ਆਇਆ। ਉਨ੍ਹਾਂ ਦੀ ਰੇਲਗੱਡੀ ਕਾਫੀ ਤੇਜ਼ੀ ਨਾਲ ਅੱਗੇ ਵੱਧ ਰਹੀ ਸੀ। ਉਸ ਨੇ ਆਖਿਆ ਕਿ ਉਸ ਨੇ ਜਦੋਂ ਉੱਪਰ ਵੇਖਿਆ ਤਾਂ 69ਵੀਂ ਸਟਰੀਟ ਦਾ ਬੋਰਡ ਉਸ ਨੂੰ ਨਜ਼ਰ ਆਇਆ ਪਰ ਉਸ ਨੇ ਆਖਿਆ ਕਿ ਉਹ ਸਮਝ ਨਹੀਂ ਪਾਇਆ ਕਿ ਉਹ ਐਨਾ ਤੇਜ਼ ਕਿਉਂ ਜਾ ਰਹੇ ਹਨ। ਉਸੇ ਵੇਲੇ ਉਨ੍ਹਾਂ ਦੀ ਰੇਲਗੱਡੀ ਅੱਗੇ ਕਿਸੇ ਚੀਜ਼ ਨਾਲ ਟਕਰਾ ਗਈ। ਉਹ ਆਪਣੀ ਸੀਟ ਤੋਂ ਡਿੱਗ ਗਿਆ, ਖਿੜਕੀ ਦੇ ਸ਼ੀਸ਼ੇ ਟੁੱਟ ਗਏ ਤੇ ਉਸ ਦੇ ਸਿਰ ਉੱਤੇ ਸੱਟ ਲੱਗੀ। ਸਾਰੇ ਹੀ ਫਰਸ ਉੱਤੇ ਡਿੱਗੇ ਹੋਏ ਸਨ।
ਸਾਊਥਈਸਟਰਨ ਪੈਨੇਸਿਲਵੇਨੀਆ ਟਰਾਂਸਪੋਰਟੇਸ਼ਨ ਅਥਾਰਟੀ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਰੈੱਡਫਰਨ ਨੇ ਦੱਸਿਆ ਕਿ ਨੌਰਿਸਟਾਊਨ ਦੀਆਂ ਰੇਲਗੱਡੀਆਂ ਦੀ ਆਵਾਜਾਈ ਆਮ ਵਾਂਗ ਸੁਰੂ ਹੋ ਚੁੱਕੀ ਹੈ ਪਰ ਕੋਈ ਵੀ ਐਕਸਪ੍ਰੈੱਸ ਗੱਡੀ ਨਹੀਂ ਚਲਾਈ ਜਾ ਰਹੀ। ਯਾਤਰੀਆਂ ਨੂੰ ਥੋੜ੍ਹੀ ਦੇਰ ਹੋ ਸਕਦੀ ਹੈ।